ਗੱਦਾਰ ਅਨੂਪ ਸਿੰਘ ਢਿੱਲੋਂ ਅਤੇ
ਗੱਦਾਰ ਬੋਘ ਸਿੰਘ ਢਿੱਲੋਂ ਪਿੰਡ ਮਾਣਕੋ
THIS SITE IS MADE FOR RAJPUTS' HISTORY
ਗੱਦਾਰ ਅਨੂਪ ਸਿੰਘ ਢਿੱਲੋਂ ਅਤੇ
ਗੱਦਾਰ ਬੋਘ ਸਿੰਘ ਢਿੱਲੋਂ ਪਿੰਡ ਮਾਣਕੋ
ਗੱਦਾਰ ਅਨੂਪ ਸਿੰਘ ਢਿੱਲੋਂ ਅਤੇ ਗੱਦਾਰ ਬੋਘ ਸਿੰਘ ਢਿੱਲੋਂ ਪਿੰਡ ਮਾਣਕੋ
ਪਿੰਡ ਬਬੇਲੀ ਜ਼ਿਲਾ ਕਪੂਰਥਲਾ ਵਿੱਚ ਸ਼ਹੀਦ 4 ਬੱਬਰ ਆਕਾਲੀ
(1 ਸਤੰਬਰ 1923)
ਬੱਬਰ ਆਕਾਲੀ ਲਹਿਰ ਜੋ ਦੋਆਬੇ ਦੇ ਨੌਜਵਾਨਾਂ ਵਲੋਂ ਸ਼ੁਰੂ ਕੀਤੀ ਗਈ ਸੀ। ਇਹ ਅਖ਼ਾਣ ਅੱਜ ਤੱਕ ਮਸ਼ਹੂਰ ਹੈ ਕਿ ਦੋਆਬਾ ਉੱਠਿਆ ਤਾਂ ਅਜ਼ਾਦੀ ਮਿਲੀ।
ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ।।
ਪੁਰਜਾ ਪੁਰਜਾ ਕੱਟ ਮਰੇ ਕਬਹੂੰ ਨਾ ਛਾਡੈ ਖੇਤ।।
ਗੁਰੂ ਕੇ ਬਾਗ ਦੇ ਮੋਰਚੇ ਤੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਦੋਆਬੇ ਦੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਬਿਨਾ ਜਾਨ ਦੀ ਪ੍ਰਵਾਹ ਕੀਤੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਖਤਮ ਕੀਤੀਆਂ ਜਾਨ। ਪਰ ਨਾਲ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਨਿਆਂ ਨੂੰ ਸਾਡੇ ਆਪਣੇ ਲੋਕਾਂ ਨੇ ਹੀ ਛੋਟੇ ਛੋਟੇ ਲਾਲਚਾਂ ਵਿੱਚ ਆ ਕੇ ਮਰਵਾ ਦਿੱਤਾ। ਇਨ੍ਹਾਂ ਵਿੱਚੋਂ ਹੀ ਸਨ ਪਿੰਡ ਮਾਣਕੋ ਦਾ ਅਨੂਪ ਸਿੰਘ ਢਿਲੋਂ ਅਤੇ ਉਸ ਦਾ ਚਾਚਾ ਬੋਘ ਸਿੰਘ ਢਿਲੋਂ ।
ਬੱਬਰ ਲਹਿਰ ਨੇ ਅੰਗਰੇਜ਼ੀ ਸਾਮਰਾਜ ਦੇ ਨੱਕ ਵਿਚ ਦਮ ਕਰ ਦਿੱਤਾ ਸੀ। ਇਕ ਤਰ੍ਹਾਂ ਨਾਲ ਦੁਆਬੇ ਵਿੱਚ ਬੱਬਰਾਂ ਦਾ ਰਾਜ ਹੋ ਗਿਆ ਸੀ। ਅੰਗਰੇਜ਼ੀ ਸਰਕਾਰ ਬੱਬਰਾਂ ਤੋਂ ਭੈਅ ਖਾਣ ਲੱਗ ਪਈ ਸੀ ਕਿਉਂਕਿ ਇਨ੍ਹਾਂ ਨੇ ਅੰਗਰੇਜ਼ੀ ਪਿੱਠੂਆਂ ਨੁੰ ਸੋਧਨਾ ਸ਼ੁਰੂ ਕਰ ਦਿੱਤਾ ਸੀ। ਪਰ ਇੱਥੇ ਇੱਕ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਜਿੰਨੇ ਸਾਡੀ ਕੌਮ ਵਿੱਚ ਭਰਾ ਮਾਰ ਗੱਦਾਰ ਹੋਏ ਹਨ ਓਨੇ ਸ਼ਾਇਦ ਹੀ ਕਿਸੇ ਕੌਮ ਵਿੱਚ ਮਿਲਣਗੇ।ਇਹੀ ਕਾਰਨ ਸੀ ਕਿ ਅੰਗਰੇਜ਼ੀ ਸਰਕਾਰ ਨੇ ਵੱਡੇ ਵੱਡੇ ਇਨਾਮ ਰੱਖ ਦਿੱਤੇ। ਸਾਰੀ ਵਾਹ ਲਾ ਕੇ ਵੀ ਬੱਬਰ ਲਹਿਰ ਨੂੰ ਦਬਾਉਣਾ ਚਾਹੁੰਦੀ ਸੀ। ਪਰ ਬੱਬਰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਕਿਸੇ ਵੀ ਕੀਮਤ ਤੇ ਅੰਗਰੇਜ਼ਾਂ ਤੋਂ ਮੁਕਤੀ ਚਾਹੁੰਦੇ ਸਨ।
ਗੱਦਾਰ ਅਨੂਪ ਸਿੰਘ ਅਤੇ ਗੱਦਾਰ ਬੋਘ ਸਿੰਘ ਪਿੰਡ ਮਾਣਕੋ ਦੀ ਲਾਲਚ ਵਿੱਚ ਕੀਤੀ ਗੱਦਾਰੀ ਦਾ ਨਤੀਜਾ 1 ਸਤੰਬਰ 1923 ਨੂੰ 4 ਬੱਬਰਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਬੱਬਰ ਕਦੀਂ ਵੀ ਇੱਕ ਟਿਕਾਣੇ ਤੇ ਕਦੀਂ ਨਹੀਂ ਰੁਕਦੇ ਸਨ। 30-31ਅਗਸਤ ਦੀ ਰਾਤ ਨੂੰ ਬੱਬਰ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਪੁਰ ਝੁੱਗੀਆਂ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ, ਧੰਨਾ ਸਿੰਘ ਬਹਿਬਲਪੁਰੀਆ, ਦਲੀਪ ਸਿੰਘ ਧਾਮੀਆਂ ਅਤੇ ਅਨੂਪ ਸਿੰਘ ਢਿੱਲੋਂ ਮਾਣਕੋ ਪਿੰਡ ਡੁਮੇਲੀ ਰੁਕੇ ਹੋਏ ਸਨ। 31 ਅਗਸਤ 1923 ਦੀ ਰਾਤ ਨੂੰ ਬੱਬਰਾਂ ਨੇ ਪਿੰਡ ਡੁਮੇਲੀ ਜ਼ਿਲਾ ਕਪੂਰਥਲਾ ਜੋ ਫ਼ਗਵਾੜਾ ਤੋ ਤਕਰੀਬਨ 16 ਕਿਲੋਮੀਟਰ ਦੂਰ ਹੁਸ਼ਿਆਰਪੁਰ ਵੱਲ ਨੂੰ ਹੈ ਤੋਂ ਪਿੰਡ ਬਬੇਲੀ ਜੋ ਡੁਮੇਲੀ ਤੋਂ ਦੱਖਣ ਪੱਛਮ ਵੱਲ 3 ਕਿਲੋਮੀਟਰ ਤੇ ਹੈ ਜਾਣ ਦਾ ਪਰੋਗਰਾਮ ਬਣਾਇਆ। ਅਨੂਪ ਸਿੰਘ ਜਿਸ ਦੇ ਮਨ ਵਿੱਚ ਲਾਲਚ ਅਤੇ ਬੇਈਮਾਨੀ ਆ ਚੁੱਕੀ ਸੀ ਡੁਮੇਲੀ ਤੋਂ ਹੀ ਆਪਣੇ ਬਿਮਾਰ ਹੋਣ ਦਾ ਬਹਾਨਾ ਬਣਾਉਣ ਲੱਗ ਪਿਆ। ਬੱਬਰ ਕਰਮ ਸਿੰਘ ਦੌਲਤਪੁਰ "ਬੱਬਰ ਆਕਾਲੀ ਦੋਆਬਾ" ਅਖਬਾਰ ਦਾ ਐਡੀਟਰ ਸੀ ਉਸ ਨੇ ਅਨੂਪ ਸਿੰਘ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਸੀ। ਡੁਮੇਲੀ ਤੋਂ ਚੱਲਣ ਲੱਗਿਆਂ ਅਨੂਪ ਸਿੰਘ ਨੂੰ ਕਿਹਾ ਕਿ ਸਵੇਰੇ ਤੜਕੇ ਮਿਹਰ ਸਿੰਘ ਦੇ ਘਰ ਬਬੇਲੀ ਆ ਜਾਵੀਂ।
ਬਬੇਲੀ ਇੱਕ ਛੋਟਾ ਜਿਹਾ ਪਿੰਡ ਹੈ। ਪਿੰਡ ਵੜਨ ਤੋਂ ਪਹਿਲਾਂ ਧੰਨਾ ਸਿੰਘ ਬਹਿਬਲਪੁਰ ਨੇ ਬੱਬਰ ਕਰਮ ਸਿੰਘ ਨੂੰ ਕਿਹਾ ਕਿ ਅਨੂਪ ਸਿੰਘ ਦੀ ਨੀਯਤ ਠੀਕ ਨਹੀਂ ਲੱਗਦੀ ਪਰ ਕਰਮ ਸਿੰਘ ਨੇ ਜੁਆਬ ਦਿੱਤਾ ਕਿ ਇਹ ਤੇਰਾ ਵਹਿਮ ਹੈ ਓਹ ਮੇਰਾ ਧਰਮ ਦਾ ਪੁੱਤਰ ਹੈ ਗੱਦਾਰੀ ਨਹੀਂ ਕਰ ਸਕਦਾ। ਪਰ ਧੰਨਾ ਸਿੰਘ ਦਾ ਮਨ ਨਾ ਮੰਨਿਆ। ਉਸ ਨੇ ਬੱਬਰ ਦਲੀਪ ਸਿੰਘ ਨੂੰ ਨਾਲ ਲਿਆ ਅਤੇ ਦੂਸਰੇ ਪਿੰਡ ਚਲੇ ਗਏ। ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਪੁਰ ਝੁੱਗੀਆਂ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਬਬੇਲੀ ਨੂੰ ਤੁਰ ਪਏ। ਪਿੰਡ ਤੋਂ ਬਾਹਰ ਉਨ੍ਹਾਂ ਨੂੰ ਸ. ਸ਼ਿਵ ਸਿੰਘ ਮਿਲਿਆ ਅਤੇ ਆਪਣੇ ਘਰ ਲੈ ਗਿਆ। ਘਰ ਪਹੁੰਚ ਕੇ ਚਾਰੇ ਬੱਬਰ ਇਕ ਕਮਰੇ ਵਿਚ ਆਪੋ-ਆਪਣੇ ਮੰਜਿਆਂ 'ਤੇ ਨਿਸਚਿੰਤ ਹੋ ਕੇ ਸੌਂ ਗਏ। ਅਸਲੇ ਵਾਲਾ ਝੋਲਾ ਉਨ੍ਹਾਂ ਇਕ ਕਿੱਲੀ 'ਤੇ ਟੰਗ ਦਿੱਤਾ ਸੀ। ਬੱਬਰ ਕਰਮ ਸਿੰਘ ਆਪਣੀ ਬੰਦੂਕ ਨੂੰ ਕਦੇ ਵੀ ਆਪਣੇ ਤੋਂ ਵੱਖ ਨਹੀਂ ਸੀ ਕਰਦਾ। ਸੋ, ਉਹ ਉਸ ਨੇ ਆਪਣੀ ਹਿੱਕ 'ਤੇ ਰੱਖ ਲਈ। ਸਵੇਰੇ ਤੜਕ ਸਾਰ ਅਨੂਪ ਸਿੰਘ ਆਪਣੀ ਸਾਜ਼ਿਸ਼ ਨੁੰ ਅੰਜਾਮ ਦੇ ਕੇ ਮਿੱਥੇ ਟਿਕਾਣੇ ਤੇ ਮਿਹਰ ਸਿੰਘ ਦੇ ਘਰ ਪਹੁੰਚਿਆ। ਉੱਥੇ ਪਤਾ ਲੱਗਾ ਕਿ ਸਾਰੇ ਬੱਬਰ ਸ਼ਿਵ ਸਿੰਘ ਦੇ ਵਾੜੇ ਵਿੱਚ ਸੁੱਤੇ ਹਨ । ਉਥੇ ਬੱਬਰਾਂ ਨੂੰ ਨਾ ਦੇਖ ਕੇ ਸ਼ਿਵ ਸਿੰਘ ਦੇ ਘਰ ਚਲਾ ਗਿਆ। ਸਾਰੇ ਬੱਬਰ ਬੇਖੌਫ, ਲੰਮੀਆਂ ਤਾਣ ਕੇ ਘੂਕ ਸੁੱਤੇ ਪਏ ਸਨ। ਉਸ ਨੇ ਅਸਲੇ ਵਾਲਾ ਝੋਲਾ ਲਾਹ ਲਿਆ, ਦਾਰੂ ਸਿੱਕਾ ਆਪਣੇ ਕਬਜ਼ੇ ਵਿਚ ਕੀਤਾ। ਸਾਰੇ ਬੰਬ ਜੋ ਬੱਬਰ ਆਪ ਬਣਾਉਂਦੇ ਸਨ ਨਕਾਰਾ ਕਰ ਦਿੱਤੇ, ਉਦੇ ਸਿੰਘ ਵਾਲੀ ਬੰਦੂਕ ਦਾ ਘੋੜਾ ਤੇ ਕਬਜ਼ਾ ਨਕਾਰਾ ਕਰਕੇ ਆਪ ਮਿਹਰ ਸਿੰਘ ਦੇ ਘਰ ਗਿਆ ਅਤੇ ਸੌਣ ਦਾ ਡਰਾਮਾ ਕਰਕੇ ਪਿਆ ਰਿਹਾ। ਮਿਹਰ ਸਿੰਘ ਦਾ ਪਰਿਵਾਰ ਹਮੇਸ਼ਾਂ ਇਨ੍ਹਾਂ ਬੱਬਰਾਂ ਦੀ ਸੇਵਾ ਕਰਦਾ ਸੀ।
ਅਜੇ ਬੱਬਰ ਸੁੱਤੇ ਨਹੀਂ ਉੱਠੇ ਸਨ ਕਿ ਪਿੰਡ ਨੂੰ ਹਥਿਆਰਬੰਦ ਫੌਜ ਤੇ ਪੁਲਿਸ ਨੇ ਘੇਰਾ ਪਾ ਲਿਆ। ਤਕਰੀਬਨ 2000 ਹਥਿਆਰਬੰਦ ਫੌਜ ਤੇ ਪੁਲਿਸ ਦੇ ਸਿਪਾਹੀ ਦੱਸੇ ਜਾਂਦੇ ਹਨ। ਅਨੂਪ ਸਿੰਘ ਗੱਦਾਰ ਸਭ ਤੋਂ ਪਹਿਲਾਂ ਪੁਲਿਸ ਕੋਲ ਚਲਾ ਗਿਆ।
ਪਿੰਡ ਦਾ ਕੋਈ ਪਾਸਾ ਹਥਿਆਰਬੰਦ ਘੋੜਸਵਾਰ ਜਾਂ ਪੈਦਲ ਸਿਪਾਹੀਆਂ ਤੋਂ ਖਾਲੀ ਨਹੀਂ ਸੀ।
ਸ: ਸ਼ਿਵ ਸਿੰਘ ਨੂੰ ਵੀ ਪਿੰਡ ਨੂੰ ਘੇਰਾ ਪੈਣ ਦਾ ਪਤਾ ਲੱਗਾ ਤਾਂ ਉਸ ਨੇ ਇਕਦਮ ਬੱਬਰਾਂ ਨੂੰ ਇਸ ਬਾਰੇ ਖਬਰਦਾਰ ਕੀਤਾ। ਬੱਬਰ ਕਰਮ ਸਿੰਘ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਤਾਂ ਉਸ ਨੂੰ ਸਮਝ ਆ ਗਈ ਕਿ ਇਸ ਦਾ ਜ਼ਿੰਮੇਵਾਰ ਅਨੂਪ ਸਿੰਘ ਹੀ ਹੈ। ਉਹ ਪਹਿਲਾਂ ਹੀ ਹੱਥ ਖੜ੍ਹੇ ਕਰਕੇ ਮਿਹਰ ਸਿੰਘ ਦੇ ਘਰੋਂ ਕਰਨਲ ਸਮਿਥ ਸਾਹਮਣੇ ਗ੍ਰਿਫਤਾਰੀ ਦੇ ਚੁੱਕਾ ਸੀ। ਪਰ ਚਾਰ ਬੱਬਰਾਂ ਵਿੱਚੋਂ ਕੋਈ ਵੀ ਨਹੀਂ ਘਬਰਾਇਆ। ਉਨ੍ਹਾਂ ਨੇ ਆਪਣੇ ਬੰਬਾਂ ਅਤੇ ਗੋਲੀਆਂ ਨਾਲ ਮੁਕਾਬਲਾ ਕਰਨ ਦਾ ਮਨ ਬਣਾਇਆ। ਪਰ ਜਦੋਂ ਦੇਖਿਆ ਤੇ ਸਥਿਤੀ ਹੋਰ ਹੀ ਸੀ। ਅਸਲੇ ਵਾਲਾ ਝੋਲਾ ਉਥੇ ਨਹੀਂ ਸੀ, ਬੰਬ ਤੇ ਬੰਦੂਕ ਨਕਾਰਾ ਕੀਤੇ ਹੋਏ ਸਨ। ਇਹ ਸਾਰਾ ਕੁਝ ਦੇਖ ਕੇ ਸਮਝ ਆਈ ਕਿ ਧੰਨਾ ਸਿੰਘ ਦਾ ਸ਼ੱਕ ਸਹੀ ਸੀ। ਹੁਣ ਉਨ੍ਹਾਂ ਕੋਲ ਬੱਬਰ ਕਰਮ ਸਿੰਘ ਵਾਲੀ ਬੰਦੂਕ ਤੇ ਸਿਰਫ ਦੋ ਗੋਲੀਆਂ ਸਨ ਜੋ ਉਹ ਹਮੇਸ਼ਾਂ ਜੇਬ ਵਿਚ ਰੱਖਦਾ ਸੀ। ਹੋਰ ਕੋਈ ਅਸਲਾ ਨਹੀਂ ਸੀ। ਕਰਨਲ ਸਮਿੱਥ ਆਤਮਸਮਰਪਣ ਤੇ ਜ਼ੋਰ ਦੇ ਰਿਹਾ ਸੀ। ਪਰ ਉਨ੍ਹਾਂ ਨੇ ਆਪਣੀਆਂ ਤਿੰਨ-ਤਿੰਨ ਫੁੱਟੀਆਂ ਤਲਵਾਰਾਂ ਹੱਥਾਂ ਵਿਚ ਫੜ ਲਈਆਂ ਅਤੇ 2000 ਹਥਿਆਰਬੰਦ ਫੌਜਾਂ ਦਾ ਮੁਕਾਬਲਾ ਕਰਨ ਨੂੰ ਤਿਆਰ ਹੋ ਗਏ।
ਬਬੇਲੀ ਤੋਂ ਬਾਹਰ ਬਾਹਰ ਗੁਰਦੁਆਰਾ ਚੌਤਾਂ ਸਾਹਿਬ ਹੈ। ਭਾਈ ਕਰਮ ਸਿੰਘ ਦਾ ਜਥਾ ਗੁਰਦੁਆਰੇ ਵੱਲ ਵਧਿਆ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਸ਼ਹੀਦੀ ਪਾਉਣ ਦਾ ਵਕਤ ਆ ਗਿਆ ਹੈ ਤੇ ਹੁਣ ਗੁਰਦੁਆਰੇ ਵਿਚ ਅਰਦਾਸਾ ਸੋਧ ਕੇ ਸ਼ਹੀਦੀ ਪਾਈ ਜਾਵੇ। ਇਹ ਗੁਰਦੁਆਰਾ ਇਤਿਹਾਸਕ ਮਹੱਤਤਾ ਰੱਖਦਾ ਹੈ। ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਏ ਜੀ ਨੇ 1651 ਈਸਵੀ ਵਿੱਚ ਇਥੇ ਆਸਣ ਸਜਾਉਣ ਲਈ ਚੌਤਾਂ ਬਣਵਾਇਆ ਸੀ। ਜਿੱਥੇ ਸੰਗਤ ਵਲੋਂ ਗੁਰਦੁਆਰਾ ਉਸਾਰ ਲਿਆ ਅਤੇ ਨਾਮ ਵੀ ਚੌਂਤਾ ਸਾਹਿਬ ਹੀ ਰੱਖਿਆ। ਗੁਰਦੁਆਰੇ ਕੋਲ ਪਾਣੀ ਦਾ ਭਰਿਆ ਹੋਇਆ ਚੋਅ ਵਗ ਰਿਹਾ ਸੀ ਜਿਸ ਦੇ ਕੰਢਿਆਂ ਉੱਪਰ ਡਿੱਭ, ਸਰਕੜਾ,ਨੜੇ ਤੇ ਕਾਹੀ ਸੀ। ਭਾਈ ਕਰਮ ਸਿੰਘ ਦਾ ਜਥਾ ਗੁਰਦੁਆਰੇ ਜਾਣ ਲਈ ਇਸ ਚੋਅ ਦੇ ਪਾਣੀ ਵਿੱਚ ਉਤਰਨ ਦੇ ਯਤਨ ਵਿਚ ਸੀ। ਉਹ ਪੁਲਿਸ ਉਪਰ ਫਾਇਰ ਵੀ ਕਰਦੇ ਆਏ ਸਨ ਤੇ ਇੱਕ ਬੰਬ ਵੀ ਸੁੱਟਿਆ ਸੀ ਪਰ ਪੁਲਿਸ ਉਹਨਾਂ ਦੇ ਪਿਛਿਓਂ ਉਤਰ ਨਹੀਂ ਸਕੀ ਸੀ। ਮਿ. ਸਮਿੱਥ(ਪੁਲਿਸ ਸੁਪਰਡੈਂਟ) ਲਗਾਤਾਰ ਜਥੇ ਨੂੰ ਹਥਿਆਰ ਸੁੱਟਣ ਲਈ ਆਖਦਾ ਆ ਰਿਹਾ ਸੀ। ਪਰ ਜਥਾ ਜੈਕਾਰੇ ਛੱਡਦਾ ਹੋਇਆ ਗੁਰਦੁਆਰੇ ਪਹੁੰਚਣ ਲਈ ਚੋਅ ਦੇ ਪਾਣੀ ਵਿੱਚ ਉਤਰ ਗਿਆ। ਪੁਲਿਸ ਵਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿਚ ਭਾਈ ਉਦੈ ਸਿੰਘ ਤੇ ਭਾਈ ਮਹਿੰਦਰ ਸਿੰਘ ਤਾਂ ਜਖ਼ਮੀ ਹੋ ਕੇ ਉਰਲੇ ਕਿਨਾਰੇ ਹੀ ਪਾਣੀ ਵਿੱਚ ਡਿੱਗ ਪਏ ਪਰ ਭਾਈ ਕਰਮ ਸਿੰਘ ਪਰਲੇ ਪਾਸੇ ਬਿਲਕੁਲ ਗੁਰਦੁਆਰੇ ਦੇ ਅੱਗੇ ਪਹੁੰਚ ਗਏ। ਭਾਈ ਬਿਸ਼ਨ ਸਿੰਘ ਮਾਂਗਟ ਵੀ ਉਥੇ ਹੀ ਸਰਕੜਿਆਂ ਵਿਚ ਲੁਕ ਗਿਆ। ਜਦ ਗੋਡੇ ਗੋਡੇ ਪਾਣੀ ਵਿਚ ਖੜ੍ਹ ਕੇ ਭਾਈ ਸਾਹਿਬ ਭਾਈ ਕਰਮ ਸਿੰਘ ਨੇ ਚੁਫੇਰੇ ਨਜ਼ਰ ਮਾਰੀ ਤਾਂ ਗੁਰਦੁਆਰੇ ਵਾਲੇ ਪਾਸੇ ਵੀ ਪੁਲਿਸ ਤੇ ਫੌਜ ਦਾ ਘੇਰਾ ਪੈ ਚੁੱਕਿਆ ਸੀ। ਪੁਲਿਸ ਸੁਪਰਡੈਂਟ ਮਿ. ਸਮਿੱਥ ਨੇ ਫਿਰ ਭਾਈ ਸਾਹਿਬ ਨੂੰ ਹਥਿਆਰ ਸੁੱਟਣ ਲਈ ਆਖਿਆ ਪਰ ਭਾਈ ਸਾਹਿਬ ਨੇ ਖ਼ਾਲਸਾਈ ਜੋਸ਼ ਨਾਲ ਲਲਕਾਰ ਕੇ ਆਖਿਆ ਕਿ ‘ਸਿੱਖ ਮੈਦਾਨੇ ਜੰਗ ਵਿੱਚ ਹਥਿਆਰ ਨਹੀਂ ਸੁੱਟਦਾ।’ ਭਾਈ ਸਾਹਿਬ ਭਾਈ ਕਰਮ ਸਿੰਘ ਨੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦਾ ਨੁਕਸਾਨ ਨਾ ਹੋ ਸਕਿਆ। ਇਸ ‘ਤੇ ਫੌਜੀ ਦਸਤੇ ਦੇ ਕਮਾਂਡਰ ਫਤਿਹ ਖਾਂ ਵਲੋਂ ਚਲਾਈ ਗਈ ਗੋਲੀ ਨਾਲ ਭਾਈ ਸਾਹਿਬ ਭਾਈ ਕਰਮ ਸਿੰਘ ਉਥੇ ਹੀ ਸ਼ਹੀਦੀ ਪਾ ਗਏ। ਕੈਨੇਡਾ ਵਿਚੋਂ ਉਹ ਗ਼ਦਰ ਲਹਿਰ ਵਿਚ ਸ਼ਹੀਦੀ ਪਾਉਣ ਲਈ ਤੁਰੇ ਸਨ ਪਰ ਗੁਰੂ ਸਹਿਬਾਨ ਨੇ ਉਨ੍ਹਾਂ ਦੀ ਸ਼ਹੀਦੀ ਬੱਬਰ ਲਹਿਰ ਵਿੱਚ ਪ੍ਰਵਾਨ ਕੀਤੀ। ਬਾਅਦ ਵਿਚ ਜਦ ਪੁਲਿਸ ਵਾਲੇ ਭਾਈ ਬਿਸ਼ਨ ਸਿੰਘ ਮਾਂਗਟ ਨੂੰ ਸਰਕੜੇ ਵਿਚੋਂ ਭਾਲ ਰਹੇ ਸਨ ਤਾਂ ਉਹ ਜੈਕਾਰਾ ਗਜਾ ਕੇ ਕਿਰਪਾਨ ਨਾਲ ਪੁਲਿਸ ਵਾਲਿਆਂ ਨੂੰ ਪੈ ਗਿਆ, ਪਰ ਗੋਲੀ ਲੱਗਣ ਨਾਲ ਉਹ ਵੀ ਥਾਏਂ ਸ਼ਹੀਦ ਹੋ ਗਿਆ।
ਬਬੇਲੀ-ਡੁਮੇਲੀ ਤੇ ਆਲੇ ਦੁਆਲੇ ਦੇ ਪਿੰਡਾਂ ਵਲੋਂ ਗੁਰਦੁਆਰਾ ਚੌਤਾਂ ਸਾਹਿਬ ਦੀ ਸ਼ਾਨਦਾਰ ਇਮਾਰਤ ਦੇ ਅੱਗੇ ਹੀ ਭਾਈ ਸਾਹਿਬ ਭਾਈ ਕਰਮ ਸਿੰਘ ਦੌਲਤਪੁਰ ਦੇ ਜਥੇ ਦੇ ਬੱਬਰ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ। ਇਥੇ ਹਰ ਸਾਲ ਬੱਬਰਾਂ ਦੀ ਸ਼ਹੀਦੀ ਵਾਲੇ ਦਿਨ ਪਹਿਲੀ ਸਤੰਬਰ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ। ਲੋਕਾਂ ਵਿਚ ਸ਼ਰਧਾ ਹੈ ਕਿ ਸ਼ਹੀਦ ਬੱਬਰਾਂ ਦੀਆਂ ਰੂਹਾਂ ਗੁਰਦੁਆਰੇ ਵਿੱਚ ਵਸਦੀਆਂ ਹਨ। ਬਹੁਤੇ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਭਾਈ ਸਾਹਿਬ ਭਾਈ ਕਰਮ ਸਿੰਘ ਸਮੇਤ ਚਾਰੇ ਬੱਬਰਾਂ ਨੂੰ ਰਾਤ ਨੂੰ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਤੱਕਿਆ ਹੈ।
ਬੱਬਰ ਕਰਤਾਰ ਸਿੰਘ ਕਿਰਤੀ ਨੇ ਬਬੇਲੀ ਕਾਂਡ ਦੇ ਮੁੱਖ ਦੋਸ਼ੀ ਅਨੂਪ ਸਿੰਘ ਮਾਣਕੋ ਨੂੰ ਸੋਧਾ ਲਾ ਦਿੱਤਾ ਅਤੇ ਬੱਬਰ ਕਿਰਤੀ 10 ਅਗਸਤ 1938 ਨੂੰ ਫਾਂਸੀ ਚੜ੍ਹ ਗਿਆ।