ਬੱਬਰ ਮਨਜੀਤ ਸਿੰਘ ਜਲਵੇੜ੍ਹਾ
THIS SITE IS MADE FOR RAJPUTS' HISTORY
ਬੱਬਰ ਮਨਜੀਤ ਸਿੰਘ ਜਲਵੇੜ੍ਹਾ
ਬੱਬਰ ਮਨਜੀਤ ਸਿੰਘ ਜਲਵੇੜ੍ਹਾ
ਕੌਣ ਸੀ ਮਨਜੀਤ ਸਿੰਘ ਜਲਵੇੜ੍ਹਾ?
ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥
ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤ੍ਰੀ ਦਰਗਹ ਪਰਵਾਣੁ ॥
ਲਬੁ ਲੋਭੁ ਜੇ ਕੂੜੁ ਕਮਾਵੈ ॥ ਅਪਣਾ ਕੀਤਾ ਆਪੇ ਪਾਵੈ ॥੧੭॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 1411
ਸੱਚਾ ਕਸ਼ੱਤਰੀਯ ਉਹੀ ਹੈ ਜਿਸ ਦੇ ਕੰਮ ਸੂਰਬੀਰ ਵਾਲੇ ਹੋਣ। ਓਹ ਕਿਸੇ ਵੀ ਧਰਮ ਹੋਵੇ ਜ਼ੁਲਮ ਦਾ ਵਿਰੋਧ ਕਰਨਾ ਉਸ ਦਾ ਫ਼ਰਜ਼ ਹੈ। ਇਸੇ ਸ਼੍ਰੇਣੀ ਦੇ ਇੱਕ ਯੋਧੇ ਦਾ ਇਤਿਹਾਸ ਅੱਜ ਸੱਭ ਦੇ ਸਾਹਮਣੇ ਲਿਆਂਦਾ ਹੈ।
ਇੱਕ ਮਹਾਨ ਕਸ਼ੱਤਰੀਯ ਯੋਧਾ "ਬੱਬਰ ਮਨਜੀਤ ਸਿੰਘ ਜਲਵੇੜ੍ਹਾ"। ਜਿਸ ਨੇ ਜਹਾਜ਼ ਅਗਵਾ ਕੀਤਾ ਪਰ ਸਿਰਫ ਆਪਣਾ ਇੱਕ ਸੰਦੇਸ਼ ਦੁਨੀਆਂ ਤੱਕ ਪਹੁੰਚਾਉਣ ਲਈ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ।
30 ਅਕਤੂਬਰ 1955 ਨੂੰ ਸਰਦਾਰ ਕਰਨੈਲ ਸਿੰਘ ਡੋਡ ਅਤੇ ਮਾਤਾ ਰਤਨ ਕੌਰ ਦੀ ਕੁੱਖੋਂ ਪਿੰਡ ਜਲਵੇੜ੍ਹਾ ਤਹਿਸੀਲ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਿੱਚ ਜਨਮੇ ਮਨਜੀਤ ਸਿੰਘ ਜੋ ਅੱਗੇ ਜਾ ਕੇ ਬੱਬਰ ਮਨਜੀਤ ਸਿੰਘ ਹਾਈਜੈਕਰ ਦੇ ਨਾਮ ਨਾਲ ਪ੍ਰਸਿੱਧ ਹੋਏ। ਆਪਣੇ 3 ਭੈਣ ਭਰਾਵਾਂ, ਦਲਜੀਤ ਕੌਰ ਅਤੇ ਹਰਦੀਪ ਸਿੰਘ ਵਿਚੋਂ ਸੱਭ ਤੋਂ ਵੱਡੇ ਸਨ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਲਈ ਅਤੇ ਫਿਰ ਹਾਈ ਸਕੂਲ ਪਾਸ਼ਟਾ ਤੋਂ। ਮੁੱਢ ਤੋਂ ਹੀ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਪਿਤਾ ਸਰਦਾਰ ਕਰਨੈਲ ਸਿੰਘ ਚੰਡੀਗੜ੍ਹ ਪੁਲਿਸ ਵਿੱਚ ਸਨ। ਪੜ੍ਹਾਈ ਤੋਂ ਬਾਅਦ ਮਨਜੀਤ ਸਿੰਘ ਨੇ ਵੀ ਚੰਡੀਗੜ੍ਹ ਪੁਲਿਸ ਲਈ ਟ੍ਰਾਇਲ ਦਿੱਤੇ ਅਤੇ ਪੁਲਿਸ ਵਿੱਚ ਭਰਤੀ ਹੋ ਗਏ। ਸਮੇਂ ਦੀ ਚਾਲ ਅਨੁਸਾਰ ਉਨ੍ਹਾਂ ਦਾ ਵਿਆਹ ਬੀਬੀ ਅਮਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਇੱਕ ਪੁੱਤਰ ਰੁਪਿੰਦਰ ਸਿੰਘ ਅਤੇ ਇੱਕ ਪੁੱਤਰੀ ਮਨਦੀਪ ਕੌਰ ਨੇ ਜਨਮ ਲਿਆ।
ਸਮਾਂ ਆਪਣੀ ਚਾਲ ਚੱਲਦਾ ਗਿਆ। 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਨੇ 13 ਸਿੱਖ ਸ਼ਹੀਦ ਕਰ ਦਿੱਤੇ। ਇਸ ਘਟਨਾ ਦਾ ਪੂਰੀ ਸਿੱਖ ਸੰਗਤ ਵਿੱਚ ਬਹੁਤ ਰੋਸ ਸੀ। ਜੋ ਸਿੱਖ ਸ਼ਹੀਦ ਹੋਏ ਓਹ ਸਾਰੇ ਅਖੰਡ ਕੀਰਤਨੀ ਜੱਥੇ ਨਾਲ ਜੁੜੇ ਸਨ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਦਿੱਤਾ। ਤਲਵਿੰਦਰ ਸਿੰਘ ਪਰਮਾਰ ਵੀ ਇਸ ਅਖੰਡ ਕੀਰਤਨੀ ਜਥੇ ਨਾਲ ਜੁੜੇ ਸਨ। ਭਾਈ ਮਨਜੀਤ ਸਿੰਘ ਜਲਵੇੜ੍ਹਾ ਅਤੇ ਤਲਵਿੰਦਰ ਸਿੰਘ ਪਰਮਾਰ ਆਪਸ ਵਿੱਚ ਸਾਢੂ ਸਨ। ਬੀਬੀ ਸਲਿੰਦਰ ਕੌਰ ਪਤਨੀ ਬੱਬਰ ਤਲਵਿੰਦਰ ਸਿੰਘ ਪਰਮਾਰ ਅਤੇ ਬੀਬੀ ਅਮਰਜੀਤ ਕੌਰ ਪਤਨੀ ਬੱਬਰ ਮਨਜੀਤ ਸਿੰਘ ਮਾਮੇ ਭੂਆ ਦੀਆਂ ਪੁੱਤਰੀਆਂ ਹਨ। ਤਲਵਿੰਦਰ ਸਿੰਘ ਪਰਮਾਰ ਦਾ ਜਥਾ ਸਾਰੇ ਪੰਜਾਬ ਵਿੱਚ ਅੰਮ੍ਰਿਤ ਛਕਾਉਂਦਾ ਸੀ। ਮਨਜੀਤ ਸਿੰਘ ਜਲਵੇੜ੍ਹਾ ਨੇ ਵੀ ਉਨ੍ਹਾਂ ਦੇ ਜੱਥੇ ਪਾਸੋਂ ਅੰਮ੍ਰਿਤ ਛਕਿਆ।
1978 ਦੇ ਹੋਏ ਜ਼ੁਲਮ ਲਈ ਸਰਕਾਰਾਂ ਤੋਂ ਇਨਸਾਫ ਮਿਲਣ ਦੀ ਕੋਈ ਉਮੀਦ ਨਾ ਦੇਖਦੇ ਹੋਏ ਬੱਬਰ ਤਲਵਿੰਦਰ ਸਿੰਘ ਪਰਮਾਰ ਨੇ ਇੱਕ ਜੱਥੇਬੰਦੀ ਬਣਾਈ ਜਿਸ ਦਾ ਨਾਮ ਬੱਬਰ ਖਾਲਸਾ ਰੱਖਿਆ ਗਿਆ। ਇਸ ਵਿੱਚ ਓਹੀ ਜੁਝਾਰੂ ਸ਼ਾਮਿਲ ਕੀਤੇ ਗਏ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਕਿ ਅਗਰ ਪੁਲਿਸ ਫੜ ਵੀ ਲੈਂਦੀ ਹੈ ਤਾਂ ਕੋਈ ਆਪਣੀ ਜੱਥੇਬੰਦੀ ਬਾਰੇ ਨਹੀਂ ਦੱਸੇਗਾ। ਭਾਈ ਮਨਜੀਤ ਸਿੰਘ ਵੀ ਇਸ ਦਾ ਹਿੱਸਾ ਬਣੇ। ਬੱਬਰ ਜੋ ਵੀ ਗਤੀਵਿਧੀ ਕਰਦੇ ਸਨ ਉਸ ਨੂੰ ਇੱਕ ਸਿੱਖ ਪੰਥ ਦਾ ਕੰਮ ਸਮਝ ਕੇ ਕਰਦੇ ਸਨ। ਕੋਈ ਮਸ਼ਹੂਰੀ ਜਾਂ ਜੁਮੇਵਾਰੀ ਲੈਣ ਵਾਲਾ ਕੰਮ ਨਹੀਂ ਕਰਦੇ ਸਨ। ਬੱਬਰ ਮਨਜੀਤ ਸਿੰਘ ਵੀ ਕਿਸੇ ਗਤੀਵਿਧੀ ਵਿੱਚ ਸ਼ਾਮਿਲ ਸੀ ਜਾਂ ਨਹੀਂ ਇਹ ਇੱਕ ਗੁੱਝਾ ਰਾਜ ਹੀ ਰਹਿ ਗਿਆ।
ਜੂਨ 1984 ਵਿੱਚ ਦਰਬਾਰ ਸਾਹਿਬ ਤੇ ਕਾਂਗਰਸ ਸਰਕਾਰ ਵਲੋਂ ਹਮਲਾ ਕਰਵਾ ਦਿੱਤਾ ਗਿਆ, ਅਕਾਲ ਤਖ਼ਤ ਢਾਹ ਦਿੱਤਾ ਗਿਆ। ਹਰੇਕ ਸਿੱਖ ਦੇ ਮਨ ਵਿੱਚ ਸਰਕਾਰ ਦੇ ਇਸ ਘਿਨਾਉਣੇ ਕੰਮ ਦਾ ਬਹੁਤ ਰੋਸ ਸੀ। ਬੱਬਰ ਮਨਜੀਤ ਸਿੰਘ ਵੀ ਦਰਬਾਰ ਸਾਹਿਬ ਦਰਸ਼ਣਾਂ ਲਈ ਗਏ। ਦੇਖ ਕੇ ਮਨ ਵਿੱਚ ਰੋਸ ਭਰਿਆ। ਚੰਡੀਗੜ੍ਹ ਆ ਕੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਕਿ ਇਸ ਰੋਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਵੇਂ ਲਿਜਾਇਆ ਜਾਵੇ? ਪੱਕੇ ਤੌਰ ਤੇ ਯੋਜਨਾ ਬਣਾਈ ਗਈ। ਮਨਜੀਤ ਸਿੰਘ ਦੀ ਪਤਨੀ ਬੀਬੀ ਅਮਰਜੀਤ ਕੌਰ ਵੀ ਉਨ੍ਹਾਂ ਦੇ ਨਾਲ ਚੰਡੀਗੜ੍ਹ ਹੀ ਰਹਿੰਦੇ ਸਨ। ਘਰ ਤੋਂ ਜਾਣ ਤੋਂ ਪਹਿਲਾਂ ਬੀਬੀ ਅਮਰਜੀਤ ਕੌਰ ਨੂੰ ਆਖਿਆ ਕਿ ਫੁੱਟਬਾਲ ਮੈਚ ਖੇਡਣ ਜਾਣਾ ਹੈ ਮੇਰਾ ਬੈਗ ਤਿਆਰ ਕਰ ਦਿਓ। 6-7 ਦਿਨ ਲੱਗ ਜਾਣੇ ਹਨ। ਉਸ ਵਕਤ ਉਨ੍ਹਾਂ ਦਾ ਪੁੱਤਰ ਰੁਪਿੰਦਰ ਸਿੰਘ ਇੱਕ ਸਾਲ ਦਾ ਸੀ ਅਤੇ ਉਨ੍ਹਾਂ ਦੀ ਬੇਟੀ ਮਨਦੀਪ ਕੌਰ 3 ਸਾਲ ਦੀ ਸੀ।
ਬੱਬਰ ਮਨਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਸ਼੍ਰੀਨਗਰ ਤੋਂ ਜਹਾਜ਼ ਅਗਵਾ ਕਰ ਲਿਆ ਅਤੇ ਪਾਕਿਸਤਾਨ ਲੈ ਗਏ। ਯਾਤਰੀਆਂ ਨੂੰ ਕੋਈ ਨੁਕਸਾਨ ਪਹੁੰਚਾਉਣਾ ਉਨ੍ਹਾਂ ਦੇ ਇਰਾਦੇ ਵਿੱਚ ਨਹੀਂ ਸੀ। ਦੁਨੀਆਂ ਨੂੰ ਸਿੱਖਾਂ ਦੇ ਸਰਵਉੱਚ ਧਾਰਮਿਕ ਅਸਥਾਨ ਦੇ ਢਾਹੇ ਜਾਣ ਬਾਰੇ ਜਾਣੂੰ ਕਰਵਾਉਣਾ ਚਾਹੁੰਦੇ ਸਨ। ਕੁੱਝ ਸਮੇਂ ਬਾਅਦ ਜਹਾਜ ਅਤੇ ਯਾਤਰੀ ਆਜ਼ਾਦ ਕਰ ਦਿੱਤੇ ਗਏ। ਪਾਕਿਸਤਾਨ ਸਰਕਾਰ ਨੇ ਸਾਰੇ ਗ੍ਰਿਫਤਾਰ ਕਰ ਲਏ। ਸੱਭ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਸਜਾਵਾਂ ਹੋਈਆਂ।
20 ਜਨਵਰੀ 1986 ਨੂੰ ਬੱਬਰ ਮਨਜੀਤ ਸਿੰਘ ਹਾਈਜੈਕਰ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ । ਮਨਜੀਤ ਸਿੰਘ ਦਾ ਨਾਮ ਮਨਜੀਤ ਸਿੰਘ ਹਾਈਜੈਕਰ ਮਸ਼ਹੂਰ ਹੋ ਗਿਆ। ਜੇਲ੍ਹ ਵਿੱਚੋਂ ਆਪਣੇ ਪਿਤਾ ਜੀ ਨੂੰ ਚਿੱਠੀਆਂ ਲਿਖਦੇ ਸਨ ਜੋ ਅੱਜ ਵੀ ਉਨ੍ਹਾਂ ਕੋਲ ਮੌਜੂਦ ਹਨ। ਚਿਠੀਆਂ ਵਿੱਚ ਇਹ ਵੀ ਲਿਖਿਆ ਹੈ ਕਿ ਮੇਰੀ ਖ਼ਬਰ ਤੁਹਾਨੂੰ ਲੋਕਾਂ ਰਾਹੀਂ ਹੀ ਮਿਲਣੀ ਹੈ ਅਤੇ ਤੁਸੀਂ ਸੋਗ ਮਨਾਉਣ ਦੀ ਬਜਾਇ ਜੈਕਾਰੇ ਛੱਡਣੇ ਹਨ।
ਬੱਬਰ ਖਾਲਸਾ ਇੱਕ ਅਜਿਹੀ ਜਥੇਬੰਦੀ ਸੀ ਜਿਸ ਨੇ ਕਦੀਂ ਕਿਸੇ ਬੇਗੁਨਾਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਬੇਸ਼ੱਕ ਤਲਵਿੰਦਰ ਸਿੰਘ ਪਰਮਾਰ ਉੱਪਰ ਏਅਰ ਇੰਡੀਆ ਦੇ ਜਹਾਜ ਵਿੱਚ ਬੰਬ ਰੱਖਣ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਜੋ ਸਿਰਫ ਬਦਨਾਮ ਕਰਨ ਦੀ ਚਾਲ ਸੀ। ਬੱਬਰ ਮਨਜੀਤ ਸਿੰਘ ਹਾਈਜੈਕਰ ਦੀ ਸਜ਼ਾ ਖਤਮ ਹੋ ਗਈ ਪਰ ਮਨ ਵਿੱਚ ਸਿਖਾਂ ਨਾਲ ਹੋਏ ਧੱਕੇ ਦਾ ਰੋਸ ਸੀ। ਬਾਕੀ ਸਾਥੀ ਵੀ ਰਿਹਾ ਹੋ ਗਏ ਅਤੇ ਕਨੇਡਾ ਅਮਰੀਕਾ ਵੱਸਣ ਦੇ ਮਨਸੂਬੇ ਨਾਲ ਪਾਕਿਸਤਾਨ ਛੱਡ ਗਏ। ਬੱਬਰ ਮਨਜੀਤ ਸਿੰਘ ਅਤੇ ਬੱਬਰ ਮਲਾਗਰ ਸਿੰਘ ਨੇ ਸੰਘਰਸ਼ ਨਾਲ ਹੀ ਜੁੜੇ ਰਹਿਣ ਦਾ ਮਨ ਬਣਾਇਆ। ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਨਸੂਬੇ ਨਾਲ 1990 ਵਿੱਚ, ਬੱਬਰ ਖਾਲਸਾ ਦੇ ਮੁਖੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੇ ਮਲਾਗਰ ਸਿੰਘ ਬੱਬਰ ਅਤੇ ਮਨਜੀਤ ਸਿੰਘ ਬੱਬਰ ਨੂੰ ਬੱਬਰ ਖਾਲਸਾ ਜੱਥੇਬੰਦੀ ਦੇ “ਜਨਰਲ” ਬਣਾਇਆ। ਦੋਵਾਂ ਨੇ ਲਹਿਰ ਵਿੱਚ ਮੁੜ ਸ਼ਾਮਲ ਹੋਣ ਲਈ ਭਾਰਤ ਪਰਤਣ ਦੀ ਯੋਜਨਾ ਬਣਾਈ ਕਿਉਕਿ 1984 ਦੇ ਹਮਲੇ ਵਿੱਚ ਬਹੁਤ ਸਾਰੇ ਦੋਸ਼ੀ ਸਨ ਜਿਨ੍ਹਾਂ ਨੇ ਜਾਣ ਬੁੱਝ ਕੇ ਸਿੱਖੀ ਨੂੰ ਢਾਹ ਲਾਈ ਸੀ।
ਬੱਬਰ ਮਨਜੀਤ ਸਿੰਘ ਅਤੇ ਬੱਬਰ ਮਲਾਗਰ ਸਿੰਘ ਦੇ ਪਾਕਿਸਤਾਨ ਤੋਂ ਸਰਹੱਦ ਪਾਰ ਕਰਕੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ 5 ਅਖੰਡਪਾਠ ਰੱਖੇ ਗਏ। ਬੱਬਰ ਮਨਜੀਤ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜ਼ੁਬਾਨੀ ਕੰਠ ਸੀ। 5ਵੇਂ ਨਿਰੰਤਰ ਅਖੰਡ ਪਾਠ ਦੇ ਭੋਗ ਸਮੇਂ ਜਥੇਦਾਰ ਸਾਹਿਬ ਵੀ ਹਾਜ਼ਰ ਸਨ। ਸੱਭ ਨੇ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ। 24-25 ਅਕਤੂਬਰ 1990 ਦੀ ਰਾਤ ਨੂੰ ਬੱਬਰ ਮਨਜੀਤ ਸਿੰਘ ਹਾਈਜੈਕਰ ਅਤੇ ਬੱਬਰ ਮਲਾਗਰ ਸਿੰਘ ਰਾਜਸਥਾਨ ਬਾਰਡਰ ਤੋਂ ਭਾਰਤ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਾਰਤੀ ਫੌਜ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ ਅਤੇ ਦੋਨੋ ਸ਼ਹੀਦ ਹੋ ਗਏ। ਉਡਦੀ ਖ਼ਬਰ ਇਹ ਵੀ ਮਿਲਦੀ ਹੈ ਕਿ ਭਾਰਤੀ ਫੌਜ ਨੂੰ ਇਨ੍ਹਾਂ ਦੇ ਆਉਣ ਦੀ ਪਹਿਲਾਂ ਹੀ ਜਾਣਕਾਰੀ ਸੀ। ਇਸ ਮੁਕਾਬਲੇ ਵਿੱਚ ਇਹ ਦੋ ਬਹਾਦਰ ਸਿੰਘ ਸ਼ਹੀਦ ਹੋ ਗਏ ਸਨ। ਮਨਜੀਤ ਸਿੰਘ ਬੱਬਰ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਸਨ।
ਭਾਈ ਮਨਜੀਤ ਸਿੰਘ ਨੇ ਜੇਲ੍ਹ ਤੋਂ ਲਿਖੀ ਚਿੱਠੀ ਵਿੱਚ ਲਿਖਿਆ ਹੈ, “ਸਾਡੇ ਸਰੀਰ ਉੱਚੀਆਂ ਕੰਧਾਂ ਪਿੱਛੇ ਕੈਦ ਹਨ ਪਰ ਸਾਡੇ ਮਨ ਆਜ਼ਾਦ ਹਨ। ਪ੍ਰਭੂ ਦੀ ਰਜ਼ਾ ਅਨੁਸਾਰ ਇਥੇ ਬਹੁਤ ਸਾਰੀ ਬਾਣੀ ਦਾ ਉਚਾਰਨ ਕੀਤਾ ਜਾ ਰਿਹਾ ਹੈ, ਜੋ ਬਾਹਰੋਂ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਸੀ। ਮੈਂ ਬਹੁਤ ਖੁਸ਼ ਹਾਂ ਕਿ ਸਤਿਗੁਰੂ ਜੀ ਨੇ ਮੈਨੂੰ ਇਹ ਮੁਬਾਰਕ ਸਮਾਂ ਦਿੱਤਾ ਹੈ। ਮੈਂ ਜਿੰਨਾ ਹੋ ਸਕੇ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸਭ ਕੁਝ ਪਿਆਰੇ ਪ੍ਰਭੂ ਦੇ ਹੱਥ ਵਿੱਚ ਹੈ। ਮੇਰੀ ਇਸ ਤੋਂ ਬਿਨਾ ਹੋਰ ਕੋਈ ਇੱਛਾ ਨਹੀਂ ਹੈ ਕਿ ਮੇਰਾ ਸੀਸ ਸਤਿਗੁਰਾਂ ਲਈ ਕੁਰਬਾਨ ਹੋ ਜਾਏ। ਸਾਡੀ ਲੰਮੀ ਉਮਰ ਦੀ ਅਰਦਾਸ ਨਾ ਕਰੋ, ਸਗੋਂ ਅਰਦਾਸ ਕਰੋ ਕਿ ਇਹ ਗੰਦ ਭਰਿਆ ਸਰੀਰ ਸਿੱਖੀ ਲਈ ਸ਼ਹੀਦ ਹੋ ਕੇ ਪੂਰਾ ਹੋ ਜਾਵੇ।'' ਭਾਈ ਮਲਾਗਰ ਸਿੰਘ ਨੇ ਵੀ ਭਾਈ ਮਨਜੀਤ ਸਿੰਘ ਦੇ ਨਾਲ ਹੀ ਸ਼ਹੀਦੀ ਪ੍ਰਾਪਤ ਕੀਤੀ।
ਭਾਈ ਮਲਾਘਰ ਸਿੰਘ ਦਾ ਜਨਮ 10 ਮਈ 1965 ਨੂੰ ਸਰਦਾਰ ਮੋਹਨ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਸਮੰਕਾਲਾ ਵਿੱਚ ਹੋਇਆ ਜ਼ਿਲਾ ਰੋਪੜ ਪੰਜਾਬ। ਇੱਕ ਵਾਰ ਉਹ ਜੇਲ੍ਹ ਵਿੱਚ ਮਲਾਗਰ ਸਿੰਘ ਸਖ਼ਤ ਬਿਮਾਰ ਹੋ ਗਏ ਅਤੇ ਹੇਠ ਲਿਖੇ ਬੋਲੇ, "ਜਦੋਂ ਔਕੜਾਂ ਆਉਂਦੀਆਂ ਹਨ, ਤਾਂ ਅਕਾਲ ਪੁਰਖ ਤੋਂ ਇਲਾਵਾ ਸਾਰੇ ਤੁਹਾਨੂੰ ਛੱਡ ਦਿੰਦੇ ਹਨ, ਪਰ ਵਿਅਕਤੀ ਨੂੰ ਹਮੇਸ਼ਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਰਹਿਣਾ ਚਾਹੀਦਾ ਹੈ।"“ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਉਹੀ ਹੋਣ ਵਾਲਾ ਹੈ, ਇਸ ਲਈ ਚਿੰਤਾ ਕਿਉਂ ਕਰਨੀ ਚਾਹੀਦੀ ਹੈ? ਜਦੋਂ ਮਨੁੱਖ ਨੇ ਆਪਣਾ ਮਨ ਅਤੇ ਤਨ ਸਤਿਗੁਰੂ ਜੀ ਨੂੰ ਸੌਂਪ ਦਿੱਤਾ ਹੈ, ਕੋਈ ਦੁੱਖ ਮਹਿਸੂਸ ਨਹੀਂ ਹੁੰਦਾ, ਬਸ ਚੜ੍ਹਦੀ ਕਲਾ ਹੁੰਦੀ ਹੈ। ਸ਼ਾਇਦ ਇਸੇ ਕਾਰਨ ਹੀ ਇਹ ਜੇਲ੍ਹ ਸਵਰਗ ਵਰਗੀ ਲੱਗ ਰਹੀ ਹੈ।"ਬੱਬਰ ਮਨਜੀਤ ਸਿੰਘ ਵਰਗੇ ਅਤੇ ਬੱਬਰ ਮਲਾਗਰ ਸਿੰਘ ਵਰਗੇ ਯੋਧੇ ਜ਼ੁਲਮਾਂ ਦੇ ਟਾਕਰੇ ਲਈ ਹਮੇਸ਼ਾ ਜਨਮ ਲੈਂਦੇ ਰਹਿਣਗੇ।
ਚਹੁ ਵਰਨਾ ਉਪਦੇਸੁ ਸਹਿਜਿ ਸਮੋਧੀਐ॥
ਧੰਨੁ ਜਣੇਦੀ ਮਾਉ ਜੋਧਾ ਜੋਧੀਐ ॥
(ਵਾਰ 19ਵੀਂ, ਪੌੜੀ 18ਵੀਂ ਵਾਰਾਂ ਭਾਈ ਗੁਰਦਾਸ ਜੀ)
ਇਨ੍ਹਾਂ ਦਾ ਸ਼ਹੀਦੀ ਦਿਵਸ ਪਹਿਲਾਂ ਗੁਰਦੁਆਰਾ ਟਾਹਲੀ ਸਾਹਿਬ ਵਿੱਚ ਮਨਾਇਆ ਜਾਂਦਾ ਸੀ ਅਤੇ ਹੁਣ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਜ਼ਿਲਾ ਹੁਸ਼ਿਆਰਪੁਰ ਵਿਖੇ ਮਨਾਇਆ ਜਾਂਦਾ ਹੈ।
ਇਸ ਇਤਿਹਾਸ ਨੂੰ ਲਿਖਵਾਉਣ ਲਈ ਬੱਬਰ ਮਨਜੀਤ ਸਿੰਘ ਜਲਵੇੜ੍ਹਾ ਦੇ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ।
ਹੋਰ ਕਿਸੇ ਕੋਲ ਵੀ ਬੱਬਰ ਮਨਜੀਤ ਸਿੰਘ ਜਲਵੇੜ੍ਹਾ ਬਾਰੇ ਕੋਈ ਜਾਨਕਾਰੀ ਹੋਵੇ ਤਾਂ ਕਮੈਂਟ ਵਿੱਚ ਜਰੂਰ ਲਿਖੋ। ਇਤਿਹਾਸ ਇਸੇ ਤਰਾਂ ਹੀ ਸਬੂਤ ਇਕੱਠੇ ਕਰਕੇ ਲਿਖੇ ਜਾਂਦੇ ਹਨ। ਜੋ ਲਿਖਿਆ ਨਹੀਂ ਗਿਆ ਉਹ ਖਤਮ ਹੋ ਜਾਂਦਾ ਹੈ ਭਾਵੇਂ ਕਿੰਨਾ ਵੱਡਾ ਇਤਿਹਾਸ ਹੋਵੇ।
Writer and Researcher
Satinder Singh Parhar