ਪਹਿਲੀ ਸ਼ਹੀਦ ਸਿੱਖ ਬੀਬੀ ਭਿੱਖਾਂ ਦੇਈ ਜੀ
THIS SITE IS MADE FOR RAJPUTS' HISTORY
ਪਹਿਲੀ ਸ਼ਹੀਦ ਸਿੱਖ ਬੀਬੀ ਭਿੱਖਾਂ ਦੇਈ ਜੀ
ਪਹਿਲੀ ਸ਼ਹੀਦ ਸਿੱਖ ਬੀਬੀ ਭਿੱਖਾਂ ਦੇਈ
ਦਿਲੋਂ ਸਲਾਮ ਪਹਿਲੀ ਸ਼ਹੀਦ ਸਿੱਖ ਬੀਬੀ ਭਿੱਖਾਂ ਦੇਈ ਜੀ
(ਸ਼ਹੀਦ ਆਲਮ ਸਿੰਘ ਚੌਹਾਨ ਦੀ ਪਤਨੀ ਅਤੇ ਸ਼ਹੀਦ ਬੱਜਰ ਸਿੰਘ ਰਾਠੌਰ ਦੀ ਬੇਟੀ। ਤਿੰਨ ਸ਼ਹੀਦ ਪੁੱਤਰਾਂ ਦੀ ਮਾਤਾ ਜੀ)
ਬੀਬੀ ਜੀ ਦਾ ਜਨਮ 1660 ਵਿੱਚ ਭਾਈ ਬੱਜਰ ਸਿੰਘ ਰਾਠੌਰ ਦੇ ਘਰ ਹੋਇਆ। ਬੀਬੀ ਭਿੱਖਾਂ ਦੇਈ ਜੀ, ਜਿਸ ਨੁੰ ਬਹਾਦਰੀ ਜੱਦੀ ਖੂਨ ਵਿੱਚੋਂ ਮਿਲੀ ਅਤੇ ਅੱਗੇ ਸਹੁਰੇ ਵੀ ਇਸ ਤਰਾਂ ਦਾ ਹੀ ਮਿਲਿਆ। ਬੀਬੀ ਭਿੱਖਾਂ ਦੇਈ ਜੀ ਦਾ ਜਨਮ ਇੱਕ ਬਹਾਦਰ ਰਾਠੌਰ ਵੰਸ਼ ਵਿੱਚ ਹੋਇਆ। ਰਾਠੌਰ ਵੰਸ਼ ''ਰਣਬਾਂਕੇ ਰਾਠੌਰ" ਦੇ ਨਾਮ ਨਾਲ ਸਦੀਆਂ ਤੋਂ ਹੀ ਪ੍ਰਸਿੱਧ ਹੈ । ਇਤਿਹਾਸ ਦੀ ਗਵਾਹੀ ਹੈ ਕਿ ਇਹ ਆਪਣੀਆਂ ਬੇਟੀਆਂ ਨੁੰ ਮੁੱਢ ਤੋਂ ਹੀ ਸ਼ਸਤਰ ਵਿੱਦਿਆ ਸਿਖਾ ਦਿੰਦੇ ਸਨ। ਓਹ ਜੰਗ ਵਿੱਚ ਜਾਣ ਜਾਂ ਨਾ ਜਾਣ ਪਰ ਉਨ੍ਹਾਂ ਨੁੰ ਲੜਾਈ ਦੇ ਸੱਭ ਦਾਅ ਪੇਚ ਸਿੱਖਾਏ ਜਾਂਦੇ ਸਨ ਤਾਂ ਕਿ ਲੋੜ ਪੈਣ ਤੇ ਆਪਣੀ ਰੱਖਿਆ ਆਪ ਕਰ ਸਕਣ। ਇਤਿਹਾਸ ਵਿੱਚ ਆਉਂਦਾ ਹੈ ਕਿ ਬਹੁਤ ਥਾਵਾਂ ਤੇ ਲੋੜ ਪੈਣ ਤੇ ਇਸਤਰੀਆਂ ਵੀ ਜੰਗ ਦੇ ਮੈਦਾਨ ਵਿੱਚ ਵੀ ਗਈਆਂ ਅਤੇ ਬਹਾਦਰੀ ਨਾਲ ਲੜੀਆਂ। ਇਸ ਤਰਾਂ ਹੀ ਬੀਬੀ ਭਿੱਖਾਂ ਦੇਈ ਜੀ ਨੇ ਵੀ ਕੀਤਾ।
ਬੀਬੀ ਭਿੱਖਾਂ ਦੇਈ ਜੀ ਦੀ ਸਿੱਖ ਧਰਮ ਵਿੱਚ ਪਹਿਲੀ ਮਿਸਾਲ ਹੈ। ਹਾਲਾਂ ਕਿ ਹਿੰਦੂ ਰਾਜਪੂਤਾਂ ਵਿੱਚ ਪਹਿਲਾਂ ਵੀ ਬਹੁਤ ਮਿਸਾਲਾਂ ਹਨ। ਪਰ ਸਿੱਖ ਧਰਮ ਵਿੱਚ ਬੀਬੀ ਭਿੱਖਾਂ ਜੀ ਪਹਿਲੀ ਸ਼ਹੀਦ ਸਿੰਘਣੀ ਹੈ। ਬਹਾਦਰੀ ਜਿਸ ਦੇ ਖੂਨ ਵਿੱਚ ਸੀ ਅਤੇ ਉਸ ਨੇ ਬਹਾਦਰੀ ਅਤੇ ਸਿਦਕ ਨਾਲ ਲੜ ਕੇ ਸ਼ਹੀਦੀ ਪਾਈ।
ਬੀਬੀ ਜੀ ਦਾ ਅਨੰਦ ਕਾਰਜ ਸਰਦਾਰ ਆਲਮ ਸਿੰਘ ਚੌਹਾਨ ਨਾਲ ਹੋਇਆ। ਆਲਮ ਸਿੰਘ ਚੌਹਾਨ ਜੀ ਵੀ ਇੱਕ ਜੱਦੀ ਲੜਾਈ ਦੇ ਮਾਹਰ ਵੰਸ਼ ਨਾਲ ਸੰਬੰਧਤ ਸਨ। ਬੀਬੀ ਜੀ ਨੁੰ ਪੇਕਾ ਅਤੇ ਸਹੁਰਾ ਪਰਿਵਾਰ ਦੋਨੋ ਹੀ ਬਹਾਦਰੀ ਨਾਲ ਗੱਚ ਮਿਲੇ ਅਤੇ ਦੋਨੋ ਹੀ ਪਰਿਵਾਰ ਸਿੱਖ ਧਰਮ ਦੇ ਸਿਧਾਂਤਾਂ ਤੇ ਚੱਲਣ ਵਾਲੇ ਸਨ। ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪ ਜੀ ਦੇ ਘਰ ਤਿੰਨ ਪੁੱਤਰ ਜਨਮੇ। ਮੇਹਰ ਸਿੰਘ, ਅਮੋਲਕ ਸਿੰਘ ਅਤੇ ਬਾਘੜ ਸਿੰਘ। ਮੇਹਰ ਸਿੰਘ ਅਤੇ ਅਮੋਲਕ ਸਿੰਘ ਨੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਪਾਈ ਅਤੇ ਬਾਘੜ ਸਿੰਘ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਹੀਦੀ ਪਾਈ।
ਬੀਬੀ ਭਿੱਖਾ ਸਿੰਘ ਦਾ ਪੜਦਾਦਾ ਭਾਈ ਸੁਖੀਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਮਹਿਰਾਜ ਦੀ ਜੰਗ ਵਿਚ ਸ਼ਹੀਦ ਹੋਇਆ ਸੀ । ਭਾਈ ਸੁਖੀਆ ਦਾ ਪਿਤਾ ਭਾਈ ਮਾਂਡਨ, ਹਰਗੋਬਿੰਦਪੁਰੇ ਦੀ ਜੰਗ ਵੇਲੇ ਬੜੀ ਬਹਾਦਰੀ ਨਾਲ ਲੜਦਿਆਂ ਸਖਤ ਜ਼ਖਮੀ ਹੋਇਆ ਸੀ । ਭਾਈ ਸੁਖੀਏ ਦਾ ਇਕ ਭਰਾ ਬਿਹਾਰੀ ਵੀ ਹਰਗੋਬਿੰਦਪੁਰੇ ਦੀ ਜੰਗ ਵਿਚ ਬਹਾਦਰੀ ਨਾਲ ਲੜਦਾ ਜਖਮੀ ਹੋਇਆ ਸੀ ! ਭਾਈ ਸੁਖੀਏ ਦੀ ਸ਼ਹਾਦਤ ਦਾ ਵੇਰਵਾ ‘ਭੱਟ ਵਹੀ ਮੁਲਤਾਨੀ ਸਿੰਧੀ’ ਵਿਚ ਵੀ ਅੰਕਿਤ ਹੈ ।
ਬੀਬੀ ਭਿੱਖਾਂ ਦੇਈ ਜੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡੇ ਸਨ ਇਸ ਲਈ ਗੁਰੂ ਜੀ ਆਪਣੀ ਵੱਡੀ ਭੈਣ ਸਮਝਦੇ ਸਨ। ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਸਤਰ ਵਿਦਿਆ ਦਾ ਜਿੰਮਾਂ ਬਾਬਾ ਬੱਜਰ ਸਿੰਘ ਰਾਠੌਰ ਨੁੰ ਦਿੱਤਾ ਸੀ ਉਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਣੀਆਂ ਨੁੰ ਸ਼ਸਤਰ ਵਿੱਦਿਆ ਦੇਣ ਦਾ ਜੁੰਮਾ ਬੀਬੀ ਭਿੱਖਾਂ ਜੀ ਨੁੰ ਦਿੱਤਾ ਸੀ ਅਤੇ ਸਿੰਘਣੀਆਂ ਦੀ ਸਿਖਲਾਈ ਲਈ ਇੱਕ ਵੱਖਰਾ ਅਖਾੜਾ ਬਣਾਇਆ ਸੀ। ਬੀਬੀ ਜੀ ਦੇ ਦਾਦੇ ਪੜਦਾਦੇ ਅਤੇ ਸਹੁਰੇ ਪਰਿਵਾਰ ਦੇ ਵੱਡੇ ਵਡੇਰੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਜੁਲਮ ਖਿਲਾਫ ਲੜਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਸਾਰੇ ਯੁੱਧਾਂ ਵਿੱਚ ਸ਼ਾਮਿਲ ਹੋਏ ਸਨ।
ਅਨੰਦਪੁਰ ਸਾਹਿਬ ਛਡਣ ਸਮੇਂ ਗੁਰੂ ਜੀ ਨਾਲ ਤਕਰੀਬਨ 500 ਸਿੰਘਾਂ ਦਾ ਕਾਫਿਲ ਸੀ । ਕੀਰਤਪੁਰ ਤੱਕ ਪੰਧ ਸ਼ਾਂਤੀ ਨਾਲ ਲੰਘ ਗਿਆ ਪਰ ਨਿਰਮੋਹਗੜ੍ਹ ਨੇੜੇ ਸਰਕਾਰੀ ਫੌਜ ਨੇ ਧਾਵਾ ਬੋਲ ਦਿੱਤਾ । ਗੁਰੂ ਜੀ ਨੇ ਸੌ ਸੌ ਸਿੰਘਾਂ ਦੇ ਜਥੇ ਬਣਾ ਦਿੱਤੇ। ਬੀਬੀ ਜੀ ਅਤੇ ਭਾਈ ਜੀਵਨ ਸਿੰਘ ਨੁੰ ਇੱਕ ਜਥੇ ਦੇ ਮੁਖੀ ਬਣਾਇਆ। ਪਿੰਡ ਝੱਖੀਆਂ ਦੀ ਜੂਹ ਵਿੱਚ ਸ਼ਾਹੀ ਟਿੱਬੀ ਤੇ ਸਰਕਾਰੀ ਫੌਜਾਂ ਅਤੇ ਇਸ ਜਥੇ ਦੇ ਆਹਮੋ ਸਾਹਮਣੇ ਟਾਕਰੇ ਹੋਏ। ਖੂਨੀ ਯੁੱਧ ਹੋਇਆ। ਬੀਬੀ ਜੀ ਬਹੁਤ ਬਹਾਦਰੀ ਨਾਲ ਲੜੇ ਅਤੇ ਅੰਤ ਸਰਸਾ ਨਦੀ ਦੇ ਕਿਨਾਰੇ ਸ਼ਹੀਦੀ ਪਾ ਗਏ।
ਭੱਟ ਵਹੀ ਮੋਹਰਾਂ ਵਾਲੀ ਵਿਚ ਬੀਬੀ ਭਿੱਖਾ ਸਿੰਘ ਦੇ ਜੰਗ ਵਿਚ ਜੂਝ ਕੇ ਸ਼ਹੀਦ ਹੋਣ ਦਾ ਜਿਕਰ ਇਉਂ ਕੀਤਾ ਗਿਆ ਹੈ ।
“ ਭਿਖਾ ਦੇਈ ਬੇਟੀ ਬਜਰ ਸਿੰਘ ਕੀ, ਪੋਤੀ ਰਾਮੇ ਕੀ, ਪੋਖ ਮਾਸ ਦਿਨ ਸਤ, ਸੰਮਤ ਸਤਾਰਾਂ ਸੈ ਬਾਸਠ, ਨੰਗਲ ਗੁਜਰਾ ਕੇ ਮਲ੍ਹਾਨ ਏਕ ਘਰੀ ਦਿਨ ਚੜ੍ਹੇ ਰਨ ਮੇਂ ਜੂਝ ਕਰ ਮਰੀ “