ਸੰਤ ਬਾਬਾ ਬ੍ਰਹਮ ਜੀ ਜੱਬੜ ਵਾਲੇ
THIS SITE IS MADE FOR RAJPUTS' HISTORY
ਸੰਤ ਬਾਬਾ ਬ੍ਰਹਮ ਜੀ ਜੱਬੜ ਵਾਲੇ
ਸੰਤ ਬਾਬਾ ਬ੍ਰਹਮ ਜੀ ਜੱਬੜ ਵਾਲੇ
ਸੰਤ ਬਾਬਾ ਬ੍ਰਹਮ ਜੀ ਜੱਬੜ ਵਾਲੇ (ਸੰਖੇਪ ਜੀਵਨੀ)
30 ਜੁਲਾਈ 1965 ਨੂੰ ਮਾਤਾ ਪਿਆਰ ਕੌਰ ਕੁੱਖੋਂ ਪਿਤਾ ਜਿਉਣ ਸਿੰਘ ਮਿਨਹਾਸ ਦੇ ਘਰ ਜਨਮੇ ਸੰਤ ਬਾਬਾ ਬ੍ਰਹਮ ਜੀ ਦਾ ਦੁਨਿਆਵੀ ਨਾਮ ਦਿਲਾਵਰ ਸਿੰਘ ਰੱਖਿਆ ਗਿਆ। ਬਚਪਨ ਤੋਂ ਹੀ ਬ੍ਰਹਮ ਜੀ ਦਾ ਸੁਭਾਅ ਮਹਾਂ ਪੁਰਖਾਂ ਵਾਲਾ ਸੀ ਪਰ ਮਾਤਾ ਪਿਤਾ ਨੂੰ ਕਦੀਂ ਆਪਣਾ ਪੁੱਤਰ ਇੰਨਾ ਮਹਾਨ ਨਹੀਂ ਲੱਗਦਾ ਕਿਉਂਕਿ ਸਾਰੇ ਮਾਪਿਆਂ ਦਾ ਇਹੋ ਮੰਤਵ ਹੁੰਦਾ ਹੈ ਕਿ ਸਾਡਾ ਧੀ ਜਾਂ ਪੁੱਤ ਦੁਨਿਆਵੀ ਸਫ਼ਰ ਵਿੱਚ ਬਹੁਤ ਅੱਗੇ ਵਧੇ। ਅਗਰ ਕਿਸੇ ਬੱਚੇ ਦੀ ਬਿਰਤੀ ਪ੍ਰਮਾਤਮਾ ਨਾਲ ਲੱਗਦੀ ਵੀ ਹੈ ਤਾਂ ਮਾਤਾ ਪਿਤਾ ਉਸ ਨੂੰ ਸਿਰਫ ''ਬੀਬਾ ਪੁੱਤਰ'' ਕਹਿਣ ਤੱਕ ਹੀ ਸੀਮਤ ਰੱਖਦੇ ਹਨ। ਉਨ੍ਹਾਂ ਦਾ ਆਪਣੇ ਬੱਚੇ ਦੀ ਮਹਾਨਤਾ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਜਾਂਦਾ।
ਸੱਭ ਤੋਂ ਪਹਿਲਾਂ ਬ੍ਰਹਮ ਜੀ ਨੂੰ ਇੱਕ ਗੁਆਂਢ ਦੀ ਮਾਤਾ ਨੇ ਪਛਾਣਿਆ ਸੀ ਜੋ ਆਪ ਵੀ ਇੱਕ ਮਹਾਨ ਆਤਮਾ ਸੀ। 2-3 ਸਾਲ ਦੀ ਉਮਰ ਵਿੱਚ ਖੇਡਦੇ ਖੇਡਦੇ ਉਸ ਦੇ ਘਰ ਚਲੇ ਗਏ ਉਸ ਨੇ ਬਚਨ ਉਚਾਰੇ ''ਬੱਲੇ ਬੱਲੇ ਅੱਜ ਕੀੜੀ ਦੇ ਘਰ ਨਾਰਾਇਣ ਆਏ ਹਨ'' ਮਾਤਾ ਦੇ ਇਨ੍ਹਾਂ ਬਚਨਾਂ ਦਾ ਸੰਤ ਬਾਬਾ ਬ੍ਰਹਮ ਜੀ ਦੇ ਪੂਰਨ ਤੌਰ ਤੇ ਸੰਤ ਬਣ ਜਾਣ ਤੇ ਖੁਲਾਸਾ ਹੋਇਆ। ਬਾਬਾ ਬ੍ਰਹਮ ਜੀ ਦੇ ਤਿੰਨ ਵੱਡੇ ਭਰਾ ਬਲਵਿੰਦਰ ਸਿੰਘ, ਜੀਤ ਸਿੰਘ ਅਤੇ ਰੋਸ਼ਨ ਸਿੰਘ ਹਨ ਅਤੇ ਦੋ ਵੱਡੀਆਂ ਭੈਣਾਂ ਜਸਵੀਰ ਕੌਰ ਅਤੇ ਸੁਰਿੰਦਰ ਕੌਰ ਹਨ। ਬਾਕੀ ਹਾਣੀਆਂ ਦੀ ਤਰ੍ਹਾਂ ਸੰਤ ਬਾਬਾ ਬ੍ਰਹਮ ਜੀ ਨੂੰ ਪੜ੍ਹਾਈ ਕਰਨ ਲਾਇਆ ਗਿਆ ਪਹਿਲਾਂ ਪ੍ਰਾਇਮਰੀ ਅਤੇ ਫਿਰ ਹਾਈ ਸਕੂਲ ਦੀ ਪੜ੍ਹਾਈ ਆਪਣੇ ਜੱਦੀ ਪਿੰਡ ਡਰੋਲੀ ਕਲਾਂ ਜ਼ਿਲਾ ਜਲੰਧਰ ਵਿੱਚ ਕੀਤੀ। ਪੜ੍ਹਾਈ ਵਿੱਚ ਆਮ ਬੱਚਿਆਂ ਨਾਲੋਂ ਹੁਸ਼ਿਆਰ ਸਨ। ਦਿਮਾਗ ਤੇਜ ਸੀ ਘਰ ਪੜ੍ਹਾਈ ਘੱਟ ਕਰਦੇ ਸਨ ਮਾਤਾ ਨੇ ਹਮੇਸ਼ਾ ਕਹਿਣਾ ਪੁੱਤਰਾ ਪੜ੍ਹ ਲੈ ਨਹੀਂ ਤਾਂ ਤੈਨੂੰ ਕਿਸੇ ਰੋਟੀ ਨਹੀਂ ਦੇਣੀ ਪਰ ਪੁੱਤਰ ਦਾ ਇਹੋ ਜੁਆਬ ਹੁੰਦਾ ਦੀ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਮੇਰੇ ਲਈ ਰੋਟੀਆਂ ਬਹੁਤ ਹਨ।
ਦੱਸਵੀਂ ਪਾਸ ਕਰਨ ਤੋਂ ਬਾਅਦ ਧਾਰਮਿਕ ਬਿਰਤੀ ਹੋਣ ਕਰਕੇ ਪਾਠ ਸਿੱਖਣ ਦਾ ਮਨ ਬਣਿਆ। ਘਰ ਨੇੜੇ ਗੁਰਦੁਆਰਾ ਭਾਈ ਡੇਹਰਾ ਜੀ ਹੈ। ਉਥੋਂ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ (ਬਿੱਟੂ) ਕੋਲ ਪਾਠ ਸਿੱਖਣ ਲੱਗੇ। 1981-82 ਦੀ ਗੱਲ ਹੈ, ਇੱਕ ਦਿਨ ਕਿਸੇ ਦੇ ਘਰ ਗੁਰੂ ਗਰੰਥ ਸਾਹਿਬ ਲੈ ਕੇ ਸਹਿਜ ਪਾਠ ਦਾ ਭੋਗ ਪਾਉਣ ਗਏ। ਉਸ ਸਮੇਂ ਸੰਗਤ ਪੰਜ, ਦਸ ਜਾਂ ਪੰਜਾਹ ਪੈਸਿਆਂ ਨਾਲ ਮੱਥਾ ਟੇਕਦੀ ਸੀ। ਪ੍ਰੋਗਰਾਮ ਤੇ ਸੰਗਤ ਵੀ ਘੱਟ ਹੀ ਸੀ। ਥੋੜ੍ਹਾ ਜਿਹਾ ਚੜ੍ਹਾਵਾ ਸੀ ਜੋ ਭਾਈ ਅਮਰੀਕ ਸਿੰਘ ਨੇ ਬ੍ਰਹਮ ਜੀ ਦੇ ਕੁੜਤੇ ਦੀ ਜੇਬ੍ਹ ਵਿੱਚ ਪਾ ਦਿੱਤਾ ਕਿ ਗੁਰਦੁਆਰੇ ਜਾ ਕੇ ਗਿਣ ਲਵਾਂਗੇ। ਜਦੋਂ ਗੁਰਦੁਆਰਾ ਭਾਈ ਡੇਹਰਾ ਜੀ ਵਿਖੇ ਬ੍ਰਹਮ ਜੀ ਆਪਣੀ ਜੇਬ੍ਹ ਖਾਲੀ ਕਰਨ ਲੱਗੇ ਤਾਂ ਪੈਸੇ ਨਿੱਕਲੀ ਹੀ ਜਾਣ। ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸ ਨੇ ਪਛਾਣ ਲਿਆ ਕਿ ਕੋਈ ਮਹਾਨ ਆਤਮਾ ਹੈ। ਜਲਦੀ ਜਲਦੀ ਬ੍ਰਹਮ ਜੀ ਦੇ ਘਰ ਗਿਆ ਮਾਤਾ ਪਿਤਾ ਨੂੰ ਬਿਰਤਾਂਤ ਦੱਸਿਆ ਅਤੇ ਹੱਥ ਜੋੜ ਕੇ ਆਖਿਆ ਕਿ ਇਹ ਰੱਬੀ ਰੂਹ ਹੈ ਮੈਂ ਇਨ੍ਹਾਂ ਨੂੰ ਪਾਠ ਨਹੀਂ ਸਿਖਾ ਸਕਦਾ। ਇਸ ਘਟਨਾ ਤੋਂ ਮਾਪਿਆਂ ਨੂੰ ਵੀ ਪੂਰਨ ਯਕੀਨ ਹੋ ਗਿਆ ਕਿ ਸਾਡਾ ਪੁੱਤਰ ਕੋਈ ਆਮ ਬਾਲਕ ਨਹੀਂ ਹੈ।
ਭਾਈ ਤਲਵਿੰਦਰ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕਿਆ। ਇਸ ਤੋਂ ਬਾਅਦ ਬ੍ਰਹਮ ਜੀ ਆਪਣੀ ਅਧਿਆਤਮਿਕ ਯਾਤਰਾ ਤੇ ਚੱਲ ਪਏ। ਡੇਰਾ ਸੰਤਪੁਰਾ ਡਰੋਲੀ ਕਲਾਂ ਵਿੱਚ ਸੰਤ ਬਾਬਾ ਮਲਕੀਤ ਸਿੰਘ ਜੀ ਕੋਲ ਵਾਸੇ ਕਰ ਲਏ। ਸੰਤ ਬਾਬਾ ਮਲਕੀਤ ਸਿੰਘ ਜੀ ਪਹਿਲਾਂ ਹੀ ਸੱਭ ਜਾਣੀ ਜਾਣ ਸਨ। ਸੰਤ ਮਲਕੀਤ ਸਿੰਘ ਡੇਰੇ ਦੀ ਤੀਜੀ ਪੀੜ੍ਹੀ ਤੇ ਬਿਰਾਜਮਾਨ ਸਨ। ਹੁਣ ਸੋਚਿਆ ਗਿਆ ਕਿ ਇਲਾਕੇ ਦੀ ਸੰਗਤ ਦੇ ਦੁਨਿਆਵੀ ਭਲੇ ਵੱਧ ਤੋਂ ਵੱਧ ਕੀਤੇ ਜਾਣ ਸੱਭ ਤੋਂ ਪਹਿਲਾਂ ਡੇਰੇ ਦੇ ਨਾਲ ਵਗਦੀ ਚੋਅ ਤੇ ਪੁਲ ਉਸਾਰਿਆ ਗਿਆ ਜਿਸ ਦੀ ਇੰਜੀਨੀਰਿੰਗ ਦਾ ਜੁੰਮਾ ਸਰਦਾਰ ਗੁਰਦੇਵ ਸਿੰਘ ਮਿਨਹਾਸ ਨੂੰ ਸੌਂਪਿਆ ਗਿਆ ਜੋ ਭਾਰਤੀ ਫੌਜ ਦੀ ਇੰਜੀਨੀਰਿੰਗ ਰੇਜਿਮੇੰਟ ਤੋਂ ਰਿਟਾਇਰ ਹਨ। ਪੁਲ ਦੀ ਉਸਾਰੀ ਨਾਲ ਡੇਰੇ ਲਈ ਹੀ ਨਹੀਂ ਸਗੋਂ ਸਾਰੇ ਇਲਾਕੇ ਦੀ ਸੰਗਤ ਲਈ ਸੌਖ ਹੋ ਗਈ। ਫਿਰ ਚਾਰੇ ਪਾਸੇ ਸੜਕਾਂ ਦੇ ਜਾਲ ਵਿਸ਼ਾਏ ਗਏ। ਸੰਤ ਮਲਕੀਤ ਸਿੰਘ ਸਾਰਾ ਸਰਕਾਰੀ ਕੰਮ ਸੰਭਾਲਦੇ ਅਤੇ ਸੰਤ ਬਾਬਾ ਬ੍ਰਹਮ ਜੀ ਸਾਰੇ ਡੇਰੇ ਦਾ ਅਤੇ ਖੇਤੀ ਦਾ ਕੰਮ ਸੰਭਾਲਦੇ। ਸੰਗਤਾਂ ਦਾ ਜ਼ਿਆਦਾ ਮੇਲ ਜ਼ੋਲ ਵੀ ਬ੍ਰਹਮ ਜੀ ਨਾਲ ਸੀ ਕਿਉਕਿ ਸੰਤ ਮਲਕੀਤ ਸਿੰਘ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ।
ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਆਪਣੇ ਮਨੁੱਖੀ ਜਨਮ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਉਹ ਦੂਸਰੀਆਂ ਜੂਨਾਂ ਵਿੱਚ ਆ ਗਏ। ਸੰਤ ਮਲਕੀਤ ਸਿੰਘ ਅਤੇ ਸੰਤ ਬਾਬਾ ਬ੍ਰਹਮ ਜੀ ਉਨ੍ਹਾਂ ਜੀਵਾਂ ਨੂੰ ਪਛਾਣਦੇ ਸਨ। ਸੰਗਤਾਂ ਨੂੰ ਜਾਣੂੰ ਵੀ ਕਰਵਾਉਂਦੇ ਸਨ। ਸਮਾਜਿਕ ਕੰਮਾਂ ਕਾਰਨ ਡੇਰੇ ਦੇ ਮਹਾਨਤਾ ਬਹੁਤ ਵਧ ਗਈ। ਵੱਡੇ ਵੱਡੇ ਸਰਕਾਰੀ ਅਫਸਰ ਅਤੇ ਮੁਖ ਮੰਤਰੀ ਸਮੇਤ ਸਿਆਸੀ ਨੇਤਾ ਸ਼ਰਣ ਆਉਣ ਲੱਗੇ। ਗਰੀਬ ਬੱਚਿਆਂ ਦੀ ਪੜ੍ਹਾਈ ਲਈ ਇੱਕ ਇੰਜੀਨੀਰਿੰਗ ਕਾਲਜ ਬਣਾਇਆ ਗਿਆ। ਇਸ ਕਾਲਜ ਦੀ ਇੰਜੀਨੀਰਿੰਗ ਦਾ ਜਿੰਮਾ ਵੀ ਸਰਦਾਰ ਗੁਰਦੇਵ ਸਿੰਘ ਮਿਨਹਾਸ ਡਰੋਲੀ ਕਲਾਂ ਨੂੰ ਦਿੱਤਾ ਗਿਆ। ਕਾਲਜ ਬਣ ਗਿਆ। ਬੱਚੇ ਪੜ੍ਹਨ ਲੱਗੇ। ਕਾਲਜ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਨਾਮ ਕਮਾਇਆ। ਬ੍ਰਹਮ ਜੀ ਦੀਆਂ ਕੋਸ਼ਿਸ਼ਾਂ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਵਿਦੇਸ਼ ਕਮਾਈ ਕਰਨ ਗਏ। ਇੱਕ ਪੇਂਡੂ ਯੂਨੀਵਰਸਿਟੀ ਵੀ ਹੋਂਦ ਵਿੱਚ ਆ ਗਈ ਜੋ ਭਾਰਤ ਦੀ ਪਹਿਲੀ ਪੇਂਡੂ ਯੂਨੀਵਰਸਿਟੀ ਬਣੀ। ਇਸੇ ਦੌਰਾਨ ਸੰਤ ਮਲਕੀਤ ਸਿੰਘ ਜੀ ਨੇ ਆਪਣਾ ਸ਼ਰੀਰਕ ਚੋਲਾ ਤਿਆਗ ਦਿੱਤਾ।
ਡੇਰੇ ਵਿੱਚ ਜਿੱਥੇ ਭਲੇ ਲੋਕ ਸਨ ਉੱਥੇ ਬੁਰੇ ਵੀ ਸਨ। ਇਹ ਸੰਤ ਮਲਕੀਤ ਸਿੰਘ ਵੀ ਜਾਣਦੇ ਸਨ। ਉਨ੍ਹਾਂ ਨੇ ਪਹਿਲਾਂ ਹੀ ਸੰਤ ਬਾਬਾ ਬ੍ਰਹਮ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ ਪਰ ਫਿਰ ਵੀ ਕੁੱਝ ਲੋਕ ਚਾਹੁੰਦੇ ਸਨ ਕਿ ਗੱਦੀ ਕਿਸੇ ਹੋਰ ਨੂੰ ਮਿਲੇ ਪਰ ਵੱਡੇ ਸੰਤਾ ਦੇ ਬਚਨ ਸਨ ਕਿ ਅਗਲੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮ ਜੀ ਹੋਣਗੇ। ਇਸ ਲਈ ਸੱਚ ਦੀ ਜਿੱਤ ਹੋਈ। ਸੰਤ ਬਾਬਾ ਬ੍ਰਹਮ ਜੀ ਨੇ ਸੰਤ ਮਲਕੀਤ ਸਿੰਘ ਜੀ ਦੇ ਕਾਰਜਾਂ ਨੂੰ ਜਾਰੀ ਰੱਖਿਆ। ਇੱਕ ਇੰਜੀਨਿਅਰਿੰਗ ਕਾਲਜ ਅਤੇ ਇੱਕ ਯੂਨੀਵਰਸਿਟੀ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਬਹੁਤ ਗਰੀਬ ਬੱਚੇ ਬਿਨਾ ਫੀਸ ਤੋਂ ਉੱਚ ਸਿਖਿਆ ਪ੍ਰਾਪਤ ਕਰਨ ਲੱਗੇ। ਸੰਤ ਬਾਬਾ ਬ੍ਰਹਮ ਜੀ ਦੀ ਮਹਿਮਾ ਦਿਨ ਦੁੱਗਣੀ ਰਾਤ ਚੌਗਣੀ ਹੋਣ ਲੱਗੀ। ਜਿਨ੍ਹਾਂ ਨੂੰ ਬ੍ਰਹਮ ਜੀ ਨੇ ਵਿਦੇਸ਼ ਭੇਜਿਆ ਸੀ ਉਹ ਦਿਲ ਖੋਲ ਕੇ ਦਾਨ ਕਰਦੇ। ਲੋਕ ਵਿਦੇਸ਼ਾਂ ਵਿੱਚ ਬੈਠ ਕੇ ਬ੍ਰਹਮ ਜੀ ਦਾ ਨਾਮ ਲੈ ਕੇ ਅਰਦਾਸ ਕਰਦੇ। ਅਰਦਾਸਾਂ ਪੂਰਨ ਵੀ ਹੁੰਦੀਆਂ। ਇੱਕ ਵਾਰ ਬ੍ਰਹਮ ਜੀ ਦੇ ਵੱਡੇ ਭਰਾ ਜੋ ਜੰਮੂ ਵੱਲ ਫੌਜ ਦੀ ਨੌਕਰੀ ਕਰਦੇ ਸਨ। ਛੁੱਟੀ ਆ ਰਹੇ ਸਨ ਕਿ ਭੋਗ ਤੱਕ ਟਰੇਨ ਵਿੱਚ ਆ ਗਏ। ਅੱਗੇ ਰਾਤ ਪੈ ਗਈ। ਹੁਣ ਸਵੇਰੇ ਹੀ ਜਾਣਾ ਪੈਣਾ ਸੀ। ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਹੋ ਹੈ ਬ੍ਰਹਮ ਜੀ ਨੂੰ ਯਾਦ ਕੀਤਾ ਇੱਕ ਸਕੂਟਰ ਵਾਲਾ ਆਉਂਦਾ ਦਿਸਿਆ। ਉਸ ਨੂੰ ਰੋਕ ਕੇ ਪੁੱਛਿਆ ਕਿ ਕਿੱਥੇ ਜਾਵੇਗਾ ਉਸ ਨੇ ਦੱਸਿਆ ਕਿ ਪਿੰਡ ਮਾਣਕੋ ਜਾਣਾ ਹੈ। ਜੋ ਉਨ੍ਹਾਂ ਦੇ ਪਿੰਡ ਡਰੋਲੀ ਕਲਾਂ ਤੋਂ 3 ਕਿਲੋਮੀਟਰ ਸੀ। ਇੱਕ ਵਾਰ ਇੱਕ ਨਾਸਤਿਕ ਬੀਬੀ ਜੋ ਅਮਰੀਕਾ ਚਲੀ ਗਈ ਉਸ ਦਾ ਸਹੁਰਾ ਪਿੰਡ ਤੋਂ ਅਮਰੀਕਾ ਆਇਆ। ਇੱਕ ਦਿਨ ਸੈਰ ਕਰਨ ਗਿਆ ਘਰ ਵਾਪਸ ਨਹੀਂ ਆਇਆ। ਸੰਤ ਬਾਬਾ ਬ੍ਰਹਮ ਜੀ ਦੀ ਸ਼ਕਤੀ ਪਰਖਣ ਲਈ ਅਰਦਾਸ ਕੀਤੀ। 15 ਮਿੰਟ ਵਿੱਚ ਪੁਲਿਸ ਵਾਲਿਆਂ ਨੇ ਲੱਭ ਕੇ ਫੋਨ ਕਰ ਦਿੱਤਾ। ਹੁਣ ਓਹ ਬੀਬੀ ਰੱਬ ਵਿੱਚ ਵਿਸ਼ਵਾਸ਼ ਕਰਦੀ ਹੈ।
ਸੰਤ ਬਾਬਾ ਬ੍ਰਹਮ ਜੀ ਦੀ ਮਹਿਮਾ ਦੂਰ ਦੂਰ ਤਕ ਫੈਲੀ ਹੋਈ ਸੀ। ਗੁਰਬਾਣੀ ਬਹੁਤ ਕੰਠ ਸੀ। ਪਿੰਡ ਡਮੁੰਢਾ ਵਿੱਚ ਇੱਕ ਬਾਲਕ ਜਨਮ ਲੈਣ ਵਾਲਾ ਸੀ। ਬ੍ਰਹਮ ਜੀ ਨੂੰ ਬਾਲਕ ਦੀ ਮਹਾਨਤਾ ਬਾਰੇ ਉਸ ਦੇ ਜਨਮ ਲੈਣ ਤੋਂ ਪਹਿਲਾਂ ਹੀ ਪਤਾ ਸੀ। ਬਾਲਕ ਦੇ ਜਨਮ ਲੈਣ ਤੇ ਨਾਮ ਜਨਕ ਸਿੰਘ ਰੱਖਿਆ ਗਿਆ। ਬਾਲਕ ਨੂੰ ਡੇਰੇ ਆਪਣੇ ਕੋਲ ਲੈ ਆਂਦਾ। ਸ਼ਾਇਦ ਰੱਬੀ ਹੁਕਮ ਸੀ। ਸੰਤ ਮਲਕੀਤ ਸਿੰਘ ਜੀ ਦੀ ਤਰ੍ਹਾਂ ਸੰਤ ਬਾਬਾ ਬ੍ਰਹਮ ਜੀ ਨੂੰ ਵੀ ਆਪਣੇ ਸੱਚ ਖੰਡ ਜਾਣ ਦਾ ਪਤਾ ਸੀ। ਜੋ ਪਹਿਲਾਂ ਗੱਦੀ ਤੇ ਕਾਬਜ ਹੋਣਾ ਚਾਹੁੰਦੇ ਸਨ ਓਹ ਅੱਜ ਵੀ ਮੌਜੂਦ ਸਨ। ਇਹ ਆਭਾਸ ਉਨ੍ਹਾਂ ਨੂੰ ਸੀ ਕਿ ਮੇਰੇ ਜਾਣ ਤੋਂ ਬਾਅਦ ਫਿਰ ਪਹਿਲਾਂ ਵਾਲਾ ਕੰਮ ਹੋਵੇਗਾ। ਉਨ੍ਹਾਂ ਨੇ ਜਲੰਧਰ ਤੋਂ ਸਰਕਾਰੀ ਅਫਸਰ ਬੁਲਾਏ ਅਤੇ ਆਪਣੀ ਵਸੀਅਤ ਅਤੇ ਗੱਦੀ ਜਨਕ ਸਿੰਘ ਦੇ ਨਾਮ ਲਿਖ ਦਿੱਤੀ ਜੋ ਅੱਜ ਸੰਤ ਬਾਬਾ ਜਨਕ ਸਿੰਘ ਦੇ ਨਾਮ ਨਾਲ ਮਸ਼ਹੂਰ ਹਨ।
ਸੰਤ ਬਾਬਾ ਬ੍ਰਹਮ ਜੋ ਆਪਣਾ ਸ਼ਰੀਰਕ ਚੋਲਾ ਤਿਆਗ ਕੇ 22 ਅਪ੍ਰੈਲ 2021 ਨੂੰ ਸੱਚ ਖੰਡ ਪਿਆਨਾ ਕਰ ਗਏ। ਸੰਸਕਾਰ ਤੋਂ ਬਾਅਦ ਫਿਰ ਓਹੀ ਗੱਲ ਉੱਠੀ ਕਿ ਜਨਕ ਸਿੰਘ ਦੀ ਉਮਰ ਛੋਟੀ ਹੈ ਦੋ ਪੱਗਾਂ ਬੰਨ੍ਹ ਦਿਓ ਪਰ ਜਦੋਂ ਇਹ ਗੱਲ ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲਿਆਂ ਤੱਕ ਪਹੁੰਚੀ ਜੋ ਸਟੇਜ ਦਾ ਕਾਰਜ ਵੀ ਸੰਭਾਲ ਰਹੇ ਸਨ। ਉਨ੍ਹਾਂ ਨੂੰ ਸਟੇਜ ਤੋਂ ਬੋਲਣਾ ਪਿਆ ਕਿ ਸਾਡੀ ਰੀਤ ਵਿੱਚ 2 ਪਗੜੀਆਂ ਬੰਨ੍ਹਣ ਦਾ ਰਿਵਾਜ ਨਹੀਂ ਜੋ ਬ੍ਰਹਮ ਜੀ ਲਿਖ ਗਏ ਹਨ ਉਸੇ ਅਨੁਸਾਰ ਚੱਲਿਆ ਜਾਵੇਗਾ।
ਅਖੀਰ ਜਨਕ ਸਿੰਘ ਜੀ ਦੇ ਪਗੜੀ ਬੰਨ੍ਹੀ ਗਈ। ਸੰਤ ਦੀ ਉਪਾਧੀ ਦਿੱਤੀ ਗਈ। ਅਗਰ ਕਿਸੇ ਨੂੰ ਇਹ ਸ਼ੰਕਾ ਹੋਵੇ ਕਿ ਇੱਕ ਛੋਟੀ ਉਮਰ ਦਾ ਬਾਲਕ ਸੰਤ ਬਾਬਾ ਬ੍ਰਹਮ ਜੀ ਨੇ ਕਿਉਂ ਚੁਣਿਆ ? ਇਸ ਦਾ ਉੱਤਰ ਸਾਨੂੰ ਸੰਤ ਬਾਬਾ ਜਨਕ ਸਿੰਘ ਦੇ ਪਹਿਲੇ ਬੋਲਾਂ ਵਿਚੋਂ ਮਿਲ ਜਾਂਦਾ ਹੈ। ਜਿਸ ਦਿਨ ਪਗੜੀ ਰਸਮ ਹੋਈ ਸੰਤ ਬਾਬਾ ਜਨਕ ਸਿੰਘ ਜੀ ਸਟੇਜ ਤੇ ਆਏ। ਉਨ੍ਹਾਂ ਦੇ ਪਹਿਲੇ ਬੋਲ ਸਨ '' ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਜੋ ਸਾਡੀ ਸੇਵਾ ਲਗਾਈ ਗਈ ਹੈ ਓਹ ਅਸੀਂ ਪੂਰੀ ਜੁਮੇਵਾਰੀ ਨਾਲ ਨਿਭਾਵਾਂਗੇ '' ਨਾਲ ਹੀ ਜੈਕਾਰੇ ਗੂੰਜ ਪਏ।
ਸੰਤਾਂ ਨੂੰ ਬਹੁਤ ਕੁੱਝ ਗਿਆਨ ਹੁੰਦਾ ਹੈ ਅੱਗੇ ਕੀ ਹੋਣਾ ਹੈ ਉਨ੍ਹਾਂ ਨੂੰ ਪਤਾ ਹੁੰਦਾ ਹੈ। ਸੰਤ ਬਾਬਾ ਬ੍ਰਹਮ ਜੀ ਨੂੰ ਵੀ ਸਭ ਗਿਆਨ ਸੀ। ਇਸ ਤਰਾਂ ਦੇ ਮਹਾਂ ਗਿਆਨੀ ਸੰਤ ਕਦੀਂ ਕਦੀਂ ਦੁਨੀਆਂ ਵਿੱਚ ਆਉਂਦੇ ਹਨ। ਅੱਜ ਬਹੁਤ ਲੋਕ ਸੰਤ ਬਾਬਾ ਬ੍ਰਹਮ ਜੀ ਨੂੰ ਯਾਦ ਕਰਦੇ ਹਨ ਇੱਕ ਕਹਿੰਦਾ ਮੇਰੇ ਤੇ ਇਸ ਤਰਾਂ ਕਿਰਪਾ ਕੀਤੀ ਦੂਜਾ ਕਹਿੰਦਾ ਮੇਰੇ ਤੇ ਇਸ ਤਰਾਂ ਕਿਰਪਾ ਕੀਤੀ। ਸੱਭ ਆਪਣੇ ਆਪਣੇ ਮਨੋਰਥ ਕਾਰਨ ਯਾਦ ਕਰਦੇ ਹਨ ਅਤੇ ਹਮੇਸ਼ਾ ਯਾਦ ਕਰਦੇ ਰਹਿਣਗੇ।
ਗੁਰਬਾਣੀ ਦਾ ਫੁਰਮਾਣ ਹੈ
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩।।
ਸੰਤ ਬਾਬਾ ਬ੍ਰਹਮ ਜੀ ਦੀ ਕਿਰਪਾ ਨਾਲ
Writer and Researcher
Satinder Singh Parhar