ਰਾਜਪੂਤ ਰਾਇ ਕੱਲ੍ਹਾ ਮੰਝ ਕੌਣ ਸੀ?
THIS SITE IS MADE FOR RAJPUTS' HISTORY
ਰਾਜਪੂਤ ਰਾਇ ਕੱਲ੍ਹਾ ਮੰਝ ਕੌਣ ਸੀ?
ਰਾਜਪੂਤ ਰਾਇ ਕੱਲ੍ਹਾ ਮੰਝ ਕੌਣ ਸੀ?
ਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲਿਆਉਣ ਵਾਲਾ ਨੂਰਾ ਮਾਹੀ ਕੌਣ ਸੀ? ਰਾਜਪੂਤ ਰਾਇ ਕੱਲ੍ਹਾ "ਮੰਝ" ਕੌਣ ਸੀ?
ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਜੰਗਲਾਂ ਵਿੱਚ ਪਹੁੰਚੇ। ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ। ਜਿਉਂ ਹੀ ਦਿਨ ਚੜ੍ਹਿਆ, ਇਲਾਕੇ ਦੇ ਰਾਜਪੂਤ ਸਰਦਾਰ ਕੱਲ੍ਹਾ ਰਾਇ ਮੰਝ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ ਤੇ ਨੂਰੇ ਨੇ ਬੇਨਤੀ ਕੀਤੀ ਕਿ ਹੇ ਮਹਾਂਪੁਰਖੋ ਮੱਝਾਂ ਤਾਂ ਮੈਂ ਕੁੱਝ ਸਮਾਂ ਪਹਿਲਾਂ ਚੋ ਕੇ ਆਇਆਂ ਹਾਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਇੱਕ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ ਉਹ ਦੁੱਧ ਦੇ ਦੇਵੇਗੀ।
ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਦਾ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੁੱਧ ਚੋਣ ਲਈ ਦਿੱਤਾ। ਇਹ ਗੰਗਾ ਸਾਗਰ ਜਿਸ ਦਾ ਭਾਰ ਤਕਰੀਬਨ ਅੱਧਾ ਕਿੱਲੋ ਤੋਂ ਘੱਟ ਹੈ ਅਤੇ ਉਚਾਈ ਤਕਰੀਬਨ ਇੱਕ ਫੁੱਟ ਹੈ। ਤਲੇ ਵਿੱਚ ਸੁਰਾਖ ਹਨ। ਇਸ ਵਿੱਚ ਰੇਤ ਪਾਈ ਜਾਵੇ ਤਾਂ ਅੰਦਰ ਟਿਕਦੀ ਨਹੀਂ ਪਰ ਅਗਰ ਪਾਣੀ ਜਾਂ ਦੁੱਧ ਪਾਇਆ ਜਾਵੇ ਤਾਂ ਡੁੱਲ੍ਹਦਾ ਨਹੀਂ। ਜਿਵੇਂ ਗੁਰੂ ਜੀ ਨੇ ਕਿਹਾ ਉਸੇ ਤਰਾਂ ਨੂਰੇ ਮਾਹੀ ਨੇ ਕੀਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱਲਿਆ ।
ਘਰ ਆ ਕੇ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਇ ਕੱਲਾ ਮੰਝ ਜੀ ਨੂੰ ਜਾ ਦੱਸੀ। ਰਾਏ ਕੱਲਾ ਮੰਝ ਬਹੁਤ ਅਮੀਰ ਜਾਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ। ਰਾਇ ਕੱਲ੍ਹਾ ਮੰਝ 65 ਪਿੰਡਾਂ ਦਾ ਮਾਲਕ ਸੀ। ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀਂ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ। ਗੁਰੂ ਸਾਹਿਬ ਨੂੰ ਘਰ ਲੈ ਗਿਆ। ਮੁਗ਼ਲਾਂ ਨੇ ਗੁਰੂ ਜੀ ਨਾਲ ਜੋ ਵਰਤਾਰਾ ਰੱਖਿਆ ਸੀ ਉਸ ਤੋਂ ਰਾਇ ਕੱਲ੍ਹਾ ਮੰਝ ਰਾਜਪੂਤ ਬੇਖਬਰ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣੀ ਹੈ, ਕੋਈ ਘੋੜ ਸਵਾਰ ਭੇਜੋ ਅਤੇ ਜਲਦੀ ਖਬਰ ਮੰਗਵਾਓ। ਇਸ ਤੋਂ ਪਹਿਲਾਂ ਜਦੋਂ ਗੁਰੂ ਜੀ ਚਮਕੌਰ (ਪੁਰਾਣਾ ਨਾਮ ਚੰਪਾ ਨਗਰੀ) ਰਾਇ ਬੁੱਧੀ ਚੰਦ ਜੀ ਕੋਲ ਪਹੁੰਚੇ ਸਨ ਉਸ ਨੂੰ ਵੀ ਹੁਕਮ ਦਿੱਤਾ ਕਿ ਪਤਾ ਕਰੋ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਛਕੀ ਦੇ ਘਰ ਸਨ ਸੁਨੇਹਾ ਭੇਜ ਕੇ ਪਤਾ ਕਰੋ ਹੁਣ ਕਿੱਥੇ ਹਨ ਪਰ ਜਦੋਂ ਤੱਕ ਰਾਇ ਬੁੱਧੀ ਚੰਦ ਦੇ ਕਰਿੰਦੇ ਇਹ ਖ਼ਬਰ ਗੁਰੂ ਜੀ ਤੱਕ ਪਹੁੰਚਾਉਂਦੇ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੇ ਘਰੋਂ ਜਾ ਚੁੱਕੇ ਹਨ ਤਦ ਤੱਕ ਗੜ੍ਹੀ ਚਮਕੌਰ ਦੀ ਜੰਗ ਹੋ ਗਈ ਸੀ ਅਤੇ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ ਸਨ । ਇਹੋ ਗੱਲ ਗੁਰੂ ਜੀ ਨੇ ਰਾਇ ਕੱਲ੍ਹਾ ਮੰਝ ਰਾਜਪੂਤ ਨੂੰ ਆਖੀ।
ਹੁਕੂਮਤ ਦੀ ਹੁਕਮ ਅਦੂਲੀ ਦਾ ਅੰਜਾਮ ਵੀ ਰਾਇ ਸਾਹਿਬ ਨੂੰ ਪਤਾ ਸੀ ਪਰ ਫਿਰ ਵੀ ਰਾਇ ਕੱਲ੍ਹਾ ਨੇ ਹਾਅ ਦਾ ਨਾਅਰਾ ਮਾਰਿਆ ਅਤੇ ਇਕਦਮ ਆਪਣੇ ਨੌਕਰ ਨੂਰੇ ਮਾਹੀ ਨੂੰ ਘੋੜਾ ਦੇ ਕੇ ਸਰਹੰਦ ਲਈ ਰਵਾਨਾ ਕਰ ਦਿੱਤਾ, ਕਿਉਂਕਿ ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾਂ ਤੋਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਬਾਰੇ ਸਾਰੀ ਜ਼ਾਲਮਾਨਾ ਅਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦਿਆਂ ਵਲੋਂ ਇਸਲਾਮ ਨੂੰ ਨਾ ਕਬੂਲਣ ਕਾਰਣ ਉਥੋਂ ਦੇ ਨਵਾਬ ਵਜੀਦ ਖਾਨ ਨੇ ਜ਼ਿੰਦਾ ਨੀਂਹ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਨਾਲ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨ੍ਹਾਂ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇਨ੍ਹਾਂ ਨੂੰ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਤੁਹਾਡੀ ਦੁਸ਼ਮਣੀ ਇਨ੍ਹਾਂ ਨਾਲ ਨਹੀਂ ਇਨ੍ਹਾਂ ਦੇ ਪਿਤਾ ਨਾਲ ਹੈ। ਨਵਾਬ ਸਰਹੰਦ ਨੇ ਨਹੀਂ ਸੁਣਿਆ। ਵਜ਼ੀਰ ਸੁੱਚਾ ਨੰਦ ਨੇ ਕਿਹਾ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ। ਮਾਤਾ ਗੁਜਰੀ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ। ਨੂਰਾ ਮਾਹੀ ਨੇ ਇੱਕ ਇੱਕ ਗੱਲ ਸੁਣਾਈ।
ਗੁਰੂ ਜੀ ਨੇ ਇਹ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਜਮੀਨ ਤੋਂ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟੀ ਅਤੇ ਵਚਨ ਕੀਤਾ ਕਿ ਭਾਰਤ ਵਿਚੋਂ ਮੁਗਲਾਂ ਦੀ ਜੜ੍ਹ ਅੱਜ ਪੁੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ 'ਤੇ ਰਹਿਮ ਕਰੋ, ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ, ਤੇਰਾ ਰਾਜ ਕਾਇਮ ਰਹੇਗਾ ਅਤੇ ਨਵਾਬ ਮਲੇਰਕੋਟਲੇ ਦਾ ਵੀ ਰਹੇਗਾ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ, ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤਕ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰੋਗੇ, ਉਦੋਂ ਤਕ ਤੁਹਾਡਾ ਰਾਜ ਕਾਇਮ ਰਹੇਗਾ।
ਅੱਜਕਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਕਹਿੰਦੇ ਹਨ, ਜੋ ਰਾਏਕੋਟ ਲੁਧਿਆਣੇ ਦੇ ਨੇੜੇ ਹੈ। ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ, ਗੁਰਦੁਆਰਾ ਜੜ੍ਹ ਪੁੱਟੀ ਸਾਹਿਬ ਤੇ ਬੂਟਾ ਸਾਹਿਬ ਵੀ ਹਨ। ਗੁਰੂ ਸਾਹਿਬ ਵਲੋਂ ਦਿੱਤੀ ਤਲਵਾਰ ਅੱਜਕਲ ਨਿਊਜੀਲੈਂਡ ਦੇ ਇੱਕ ਅਜਾਇਬ ਘਰ ਵਿੱਚ ਸੁਸ਼ੋਭਿਤ ਹੈ। ਗੰਗਾ ਸਾਗਰ ਅਤੇ ਬਾਕੀ ਵਸਤਾਂ 1947 ਤੱਕ ਰਾਇ ਕੱਲ੍ਹਾ ਮੰਝ ਰਾਜਪੂਤ ਦੇ ਵਾਰਿਸ ਪਰਿਵਾਰ ਕੋਲ ਰਾਇ ਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਰਹੀਆਂ। ਫਿਰ ਜਦੋਂ 1947 ਵਿੱਚ ਇਹ ਪਰਿਵਾਰ ਪਾਕਿਸਤਾਨ ਚਲਾ ਗਿਆ ਤਾਂ ਨਾਲ ਹੀ ਲੈ ਗਿਆ। ਅੱਜ ਇਹ ਗੰਗਾ ਸਾਗਰ ਰਾਇ ਕੱਲ੍ਹਾ ਮੰਝ ਜੀ ਦੀ ਨੌਵੀਂ ਪੀੜ੍ਹੀ ਕੋਲ ਇੰਗਲੈਂਡ ਵਿੱਚ ਹੈ ਜੋ ਸਮੇਂ ਸਮੇਂ ਸੰਗਤਾਂ ਦੇ ਦਰਸ਼ਣ ਕਰਵਾਉਂਦੇ ਰਹਿੰਦੇ ਹਨ। ਅੱਜ ਇਹ ਰਾਇ ਅਜ਼ੀਜ਼ਉੱਲਾ ਖਾਂ (Rai Azizullah Khan) ਕੋਲ ਹੈ। ਮਹਾਨ ਕੋਸ਼ ਵਿੱਚ ਇਸ ਨੂੰ ਜੱਗ ਲਿਖਿਆ ਹੈ। ਜਦੋਂ ਇਹ ਗੱਲ ਰਾਇ ਅਜ਼ੀਜ਼ਉੱਲਾ ਖਾਂ ਨੂੰ ਪਤਾ ਲੱਗੀ ਜੋ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਹਨ ਤਾਂ ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਨੂੰ ਚਿੱਠੀ ਲਿਖ ਕੇ ਇਸ ਨੂੰ ਦਰੁਸਤ ਕਰਨ ਲਈ ਕਿਹਾ ਕਿਉਂਕਿ ਇਹ ਇੱਕ 17ਵੀਂ ਸਦੀ ਵਿੱਚ ਬਣਾਈ ਗਈ ਤਾਂਬੇ ਦੀ ਖਾਸ ਕਿਸਮ ਦੀ ਸੁਰਾਹੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੰਗਾ ਸਾਗਰ ਦਾ ਨਾਮ ਦਿੱਤਾ ਸੀ।
ਮੰਝ ਰਾਜਪੂਤ ਹਮੇਸ਼ਾਂ ਹੀ ਮਨੁੱਖਤਾ ਪੱਖੀ ਰਹੇ ਹਨ ਚਾਹੇ ਉਹ ਮੁਸਲਮਾਨ ਰਾਜਪੂਤ ਰਾਇ ਕੱਲ੍ਹਾ ਜੀ ਹੋਣ ਜਾਂ ਸਿੱਖ ਰਾਜਪੂਤ ਭਾਈ ਤੀਰਥਾ ਮੰਝ ਜੀ ਹੋਣ। ਫਗਵਾੜਾ ਤੋਂ ਨਕੋਦਰ ਤੱਕ ਦੇ ਇਲਾਕੇ ਨੂੰ ਅੱਜ ਵੀ ਮੰਝਕੀ ਕਿਹਾ ਜਾਂਦਾ ਹੈ। ਬਹੁਤ ਲੰਬਾ ਸਮਾਂ ਇੱਥੇ ਮੰਝ ਰਾਜਿਆਂ ਦਾ ਰਾਜ ਰਿਹਾ ਹੈ। ਤਕਰੀਬਨ ਸਾਰੇ ਮੰਝ ਰਾਜਪੂਤਾਂ ਨੇ ਮੁਸਲਿਮ ਧਰਮ ਅਪਣਾ ਲਿਆ ਪਰ ਪੰਜਾਬ ਅਤੇ ਹਿਮਾਚਲ ਵਿੱਚ ਅੱਜ ਵੀ ਸਿੱਖ ਰਾਜਪੂਤ ਅਤੇ ਸਨਾਤਨੀ ਰਾਜਪੂਤ ਵਸਦੇ ਹਨ। ਹਰੇਕ ਸਾਲ ਇਕੱਠੇ ਹੋ ਕੇ ਪਿੰਡ ਠੱਕਰਵਾਲ ਜ਼ਿਲਾ ਹੁਸ਼ਿਆਰਪੁਰ ਵਿੱਚ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਧਾਰਮਿਕ ਪ੍ਰੋਗ੍ਰਾਮ ਕਰਵਾਉਂਦੇ ਹਨ।
Writer and Researcher