ਸੁੱਕਰਚੱਕੀਆ ਮਿਸਲ
THIS SITE IS MADE FOR RAJPUTS' HISTORY
ਸੁੱਕਰਚੱਕੀਆ ਮਿਸਲ
ਸੁੱਕਰਚੱਕੀਆ ਮਿਸਲ
1. ਸੁੱਕਰਚੱਕੀਆ ਮਿਸਲ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪਿਛੋਕੜ ਕੀ ਸੀ ?
ਸ਼ੁੱਕਰਚੁੱਕੀਆ ਮਿਸਲ
ਅਗਰ ਇਸ ਮਿਸਲ ਦੀ ਗੱਲ ਕਰੀਏ ਕਿ ਇਹ ਮਿਸਲ ਕਿਵੇਂ ਬਣੀ ਤਾਂ ਸੱਭ ਤੋਂ ਪਹਿਲਾਂ ਇਸ ਦਾ ਮੋਢੀ ਸਰਦਾਰ ਬੁੱਢਾ ਸਿੰਘ ਜੋ ਭੱਟੀ ਰਾਜਪੂਤ ਵੰਸ਼ ਦਾ ਸੀ। ਗੁਰੂ ਗੋਬਿੰਦ ਸਿੰਘ ਤੋਂ ਸਿੰਘ ਸਜਿਆ। ਜੋ ਚੌਧਰੀ ਤੱਖਤ ਮੱਲ ਭੱਟੀ ਦਾ ਪੋਤਰਾ, ਚੌਧਰੀ ਭਾਗ ਮੱਲ ਦਾ ਪੁੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਸੀ। ਬੁੱਢਾ ਸਿੰਘ ਦੇ 2 ਪੁੱਤਰ ਸਨ ਬੁੱਧ ਸਿੰਘ ਅਤੇ ਚੰਦਾ ਸਿੰਘ। ਬੁੱਧ ਸਿੰਘ ਭੱਟੀ ਦਾ ਪੁੱਤਰ ਸੀ ਖੜਕ ਸਿੰਘ ਖੜਕ ਸਿੰਘ ਦਾ ਪੁੱਤਰ ਮਹਾਂ ਸਿੰਘ ਅਤੇ ਮਹਾਂ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ।
ਅਗਰ ਇਸ ਭੱਟੀ ਵੰਸ਼ ਦਾ ਇਤਿਹਾਸ ਘੋਖਣਾ ਹੋਵੇ ਤਾਂ ਸਾਨੂੰ ਤਕਰੀਬਨ ਸਾਢੇ ਤਿੰਨ ਹਜ਼ਾਰ ਸਾਲ ਪਿੱਛੇ ਜਾਣਾ ਪਵੇਗਾ। ਮੌਜੂਦਾ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਇੱਕ ਸਲਵਾਨ ਭੱਟੀ ਨਾਮ ਦਾ ਰਾਜਾ ਹੋਇਆ। ਜਿਸ ਦਾ ਇੱਕ ਛੋਟਾ ਰਾਜ ਸੀ ਜਿਸ ਦੀ ਰਾਜਧਾਨੀ ਸ਼ਾਬਪੁਰ ਸੀ। ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠਾ। ਉਸ ਦਾ ਸਮਕਾਲੀ ਇੱਕ ਰਾਜਾ ਬਿਕਰਮਜੀਤ ਹੋਇਆ ਜਿਸ ਦੀ ਰਾਜਧਾਨੀ ਉਜੈਨ ਸੀ ਅਤੇ ਇੱਕ ਬਹੁਤ ਵੱਡੇ ਰਾਜ ਦਾ ਮਾਲਕ ਸੀ। ਨਰਮਦਾ ਨਦੀ ਦੋਨਾਂ ਦੀ ਹੱਦ ਸੀ। ਬਿਕਰਮਜੀਤ ਦਾ ਵਜ਼ੀਰ ਬਹੁਤ ਸ਼ੈਤਾਨ ਸੀ ਉਹ ਆਪਣੀ ਸੈਨਾ ਲੈ ਕੇ ਰਾਜਾ ਸਲਵਾਨ ਦੇ ਇਲਾਕੇ ਵਿੱਚ ਆ ਗਿਆ। ਜਦੋਂ ਰਾਜੇ ਸਲਵਾਨ ਨੂੰ ਪਤਾ ਲੱਗਾ ਤਾਂ ਉਸ ਨੇ ਇੱਕ ਚਿੱਠੀ ਰਾਜਾ ਬਿਕਰਮਜੀਤ ਨੂੰ ਲਿਖੀ ਕਿ ਤੁਸੀਂ ਦਿਆਲੂ ਅਤੇ ਸੂਝਵਾਨ ਸ਼ਾਸਕ ਹੋ। ਸਾਨੂੰ ਲੜਨਾ ਨਹੀਂ ਚਾਹੀਦਾ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਬਿਕਰਮਜੀਤ ਇੱਕ ਚੰਗਾ ਸ਼ਾਸਕ ਸੀ ਪਰ ਵਜ਼ੀਰ ਨੇ ਇਹ ਸਮਝੌਤਾ ਨਾ ਹੋਣ ਦਿੱਤਾ ਦੋਨਾਂ ਫੌਜਾਂ ਵਿੱਚ ਲੜਾਈ ਹੋਈ, ਬਦਕਿਸਮਤੀ ਨਾਲ ਰਾਜਾ ਬਿਕਰਮਜੀਤ ਮਾਰਿਆ ਗਿਆ ਅਤੇ ਰਾਜਾ ਸਲਵਾਨ ਦੀ ਜਿੱਤ ਹੋ ਗਈ। ਸਾਰਾ ਰਾਜ ਰਾਜਾ ਸਲਵਾਨ ਭੱਟੀ ਦੇ ਕਬਜੇ ਹੇਠ ਆ ਗਿਆ।
ਇਨ੍ਹਾਂ ਲੜਾਈ ਦੇ ਦਿਨਾਂ ਵਿੱਚ ਰਾਜਾ ਸਲਵਾਨ ਦੀ ਪਤਨੀ ਚਿੱਤਰਮਤੀ ਭਗਤੀ ਲੀਨ ਹੋ ਗਈ ਸੀ। ਉਸ ਨੂੰ ਭਵਿੱਖ ਬਾਣੀ ਹੋਈ ਕਿ ਸਲਵਾਨ ਦੀ ਜਿੱਤ ਹੋਵੇਗੀ ਜੋ ਸੱਚ ਨਿਕਲੀ। ਰਾਜਾ ਸਲਵਾਨ ਛੋਟੀ ਫੌਜੀ ਤਾਕਤ ਨਾਲ ਹੀ ਜਿੱਤ ਗਿਆ। ਉਸ ਸਮੇਂ ਵਿਕਰਮੀ ਸੰਮਤ ਚੱਲਦਾ ਸੀ ਉਹ ਵੀ ਜਾਰੀ ਰੱਖਿਆ ਅਤੇ ਸਾਕਾ ਸੰਮਤ ਵੀ ਚਲਾਇਆ।
ਰਾਣੀ ਚਿਤਰਾਮਤੀ ਦਾ ਪੁੱਤਰ ਰਾਜਾ ਸਾਲ੍ਹ ਹੋਇਆ ਜੋ ਇੱਕ ਤਪ ਕਰਨ ਵਾਲਾ ਰਾਜਾ ਸੀ। ਰਾਣੀ ਚਿਤਰਾਮਤੀ ਨੂੰ ਪੰਜਾਬ ਵਿੱਚ ਰਾਣੀ ਇੱਛਰਾਂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਅੱਜ ਵੀ ਰਾਜਾ ਸਾਲ੍ਹ ਦਾ ਤਪ ਅਸਥਾਨ ਪਾਉਂਟਾ ਸਾਹਿਬ ਕੋਲ ਹੈ। ਭਗਤ ਪੂਰਨ ਵੀ ਰਾਣੀ ਚਿਤਰਾਮਤੀ ਦਾ ਹੀ ਪੁੱਤਰ ਸੀ। ਸਲਵਾਨ ਦੀ ਮੌਤ ਤੋਂ ਬਾਅਦ ਰਾਜਾ ਰਸਾਲੂ ਗੱਦੀ ਤੇ ਬੈਠਾ। ਉਸ ਦਾ ਸਮਕਾਲੀ ਇੱਕ ਰਾਜਾ ਸਿਰਕਪ ਹੋਇਆ ਜੋ ਚੌਪੜ ਖੇਲ ਦਾ ਵਧੀਆ ਖਿਲਾੜੀ ਸੀ। ਸਿਰ ਦੀ ਬਾਜ਼ੀ ਲਾਉਂਦਾ ਸੀ ਜੋ ਹਾਰ ਗਿਆ ਉਸ ਦਾ ਸਿਰ ਕੱਟ ਦਿੰਦਾ ਸੀ। ਰਸਾਲੂ ਵੀ ਖੇਡ ਵਿੱਚ ਹਾਰ ਗਿਆ। ਸਿਰ ਕੱਟਣ ਤੋਂ ਪਹਿਲਾਂ ਉਸ ਦੇ ਵਜ਼ੀਰ ਨੇ ਸਲਾਹ ਦਿੱਤੀ ਕਿ ਸਿਰ ਕੱਟਣ ਦੀ ਥਾਂ ਰਸਾਲੂ ਦੀ ਸੁੰਦਰ ਬੇਟੀ ਨਾਲ ਵਿਆਹ ਕਰਵਾਇਆ ਜਾਵੇ। ਉਸ ਨੇ ਗੱਲ ਮੰਨ ਲਈ ਅਤੇ ਵਿਆਹ ਕਰਵਾ ਲਿਆ। ਅਟਕ ਦਰਿਆ ਦੇ ਕੰਢੇ ਇੱਕ ਕਿਲਾ ਬਣਾਇਆ ਜੋ ਅੱਜ ਵੀ ਮੌਜੂਦ ਹੈ।
2. ਇਸ ਵੰਸ਼ ਨੂੰ ਭੱਟੀ ਦੀ ਬਜਾਇ ਕੁਝ ਲੋਕ ਸਾਂਸੀ ਵੀ ਕਹਿੰਦੇ ਹਨ, ਕਿਉਂ ?
ਸਲਵਾਨ ਤੋ ਬਾਅਦ ਹੌਲੀ ਹੌਲੀ ਰਾਜ ਕਮਜ਼ੋਰ ਹੁੰਦਾ ਗਿਆ। ਮੁਸਲਮਾਨਾਂ ਦੇ ਹਮਲਿਆਂ ਨਾਲ ਸਾਰੇ ਤਬਾਹੀ ਹੋ ਗਈ। ਇੱਕ ਰਾਜਾ ਸੋਹਾਂਦ ਬੱਚਿਆ। ਬਚ ਕੇ ਰੂਪੋਸ਼ ਹੋ ਗਿਆ। ਉਸ ਨੇ ਆਪਣੇ ਬੇਟੇ ਦਾ ਨਾਮ ਸਿੰਹਸਰ ਰੱਖਿਆ। ਸੋਹਾਂਦ ਨੇ ਫਿਰ ਫੌਜ ਇਕੱਠੀ ਕਰਕੇ ਆਪਣਾ ਇਲਾਕਾ ਜਿੱਤ ਲਿਆ। ਆਪਣੀ ਰਾਜਧਾਨੀ ਖਡੂਰ ਸਾਹਿਬ ਨੇੜੇ ਪਿੰਡ ਵੇਈਂ ਪੂਈ ਵਿੱਚ ਬਣਾਈ। ਉਸ ਦਾ ਬੇਟਾ ਵੀ ਬਹੁਤ ਬਹਾਦਰ ਨਿਕਲਿਆ ਜਿਸ ਦੇ ਸਾਹਸ ਸਦਕਾ ਉਸ ਨੂੰ ਸਾਹਸੀ ਸਿੰਹਸਰ ਕਿਹਾ ਜਾਣ ਲੱਗਿਆ। ਇਸ ਦਾ ਪੁੱਤਰ ਸੀ ਕਰਤੂ ਭੱਟੀ ਅੱਜ ਅੰਮ੍ਰਿਤਸਰ ਜ਼ਿਲੇ ਦਾ ਪਿੰਡ ਰਾਜਾ ਸਾਂਸੀ ਇਸੇ ਰਾਜੇ ਕਰਤੂ ਨੇ ਵਸਾਇਆ ਸੀ। ਜਿਸ ਦਾ ਨਾਮ ਆਪਣੇ ਪਿਤਾ ਦੀ ਯਾਦ ਵਿੱਚ ਸਾਹਸੀ ਰੱਖਿਆ ਜੋ ਸਮੇਂ ਨਾਲ ਸਾਂਸੀ ਬਣ ਗਿਆ। ਉਥੇ ਹੀ ਉਸ ਨੇ ਆਪਣੀ ਰਾਜਧਾਨੀ ਬਣਾਈ। ਪਰ ਮੁਸਲਮਾਨਾਂ ਦੇ ਜ਼ੁਲਮ ਨੇ ਇਹ ਹਕੂਮਤ ਰਹਿਣ ਨਾ ਦਿੱਤੀ। ਕਰਤੂ ਇੱਕ ਲੜਾਈ ਵਿੱਚ ਮਾਰਿਆ ਗਿਆ। ਇਸ ਦਾ ਪੁੱਤਰ ਚੌਧਰੀ ਤੱਖਤ ਮੱਲ ਸੀ ਜੋ ਵੇਈਂ ਪੂਈ ਵਿੱਚ ਰਹਿੰਦਾ ਸੀ। ਤੱਖਤ ਮੱਲ ਦਾ ਪੁੱਤਰ ਚੌਧਰੀ ਭਾਗ ਮੱਲ ਸੀ। ਜਦੋਂ ਸ਼ਾਹ ਜਹਾਂ ਦਾ ਰਾਜ ਆਇਆ ਉਸ ਨੇ ਚੌਧਰੀ ਭਾਗ ਮੱਲ ਨੂੰ ਆਮ ਮੁਆਫੀ ਨਾਮਾ, ਇੱਕ ਸਿਰੋਪਾ ਅਤੇ ਚੌਧਰੀ ਦਾ ਖਿਤਾਬ ਦਿੱਤਾ। ਤਰਨਤਾਰਨ ਦੇ ਇਲਾਕੇ ਵਿੱਚ ਯੁਸੁਫ ਪੁਰ ਪਿੰਡ ਦੇ ਆਲੇ-ਦੁਆਲੇ ਦੇ ਕੁੱਝ ਪਿੰਡਾਂ ਦੀ ਜਾਗੀਰਦਾਰੀ ਦਿੱਤੀ। ਚੌਧਰੀ ਤੱਖਤ ਮੱਲ ਅਤੇ ਉਸਦਾ ਪੁੱਤਰ ਚੌਧਰੀ ਭਾਗ ਮੱਲ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਸਿੱਖ ਬਣੇ। ਭਾਗ ਮੱਲ ਦੇ ਪੁੱਤਰ ਦਾ ਨਾਮ ਸੀ ਬੁੱਢਾ। ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਕੇ ਬੁੱਢਾ ਸਿੰਘ ਬਣਿਆ। ਕਈ ਲੜਾਈਆਂ ਵਿੱਚ ਗੁਰੂ ਜੀ ਨਾਲ ਰਿਹਾ। ਬਾਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਰਿਹਾ। ਬੁੱਢਾ ਸਿੰਘ ਨੂੰ ਬੁੱਢਾ ਸਿੰਘ ਦੇਸੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਸ ਕੋਲ ਇੱਕ ਘੋੜਾ ਸੀ ਜਿਸ ਦਾ ਨਾਮ ਦੇਸੀ ਸੀ। ਇਹ ਘੋੜਾ ਇਨ੍ਹਾਂ ਤੇਜ਼ ਦੌੜਦਾ ਸੀ ਜਿਸ ਦੀ ਕੋਈ ਬਰਾਬਰੀ ਨਹੀਂ ਸੀ। ਬੁੱਢਾ ਸਿੰਘ ਦੇ ਦੋ ਪੁੱਤਰ ਸਨ ਨੌਧ ਸਿੰਘ ਅਤੇ ਚੰਦਾ ਸਿੰਘ। ਦੋਨੋਂ ਆਪਣੇ ਪਿਤਾ ਵਾਂਗ ਇੱਕ ਦੂਜੇ ਤੋਂ ਵੱਧ ਕੇ ਬਹਾਦਰ ਸਨ। ਮਜੀਠੇ ਦੇ ਗਿੱਲ ਜੱਟਾਂ ਨੇ ਲਾਹੌਰ ਦਰਬਾਰ ਤੋਂ ਇਨਾਮ ਲੈਣ ਲਈ ਸਿੱਖਾਂ ਦੀਆਂ ਮੁਖਬਰੀਆਂ ਕਰਕੇ ਉਨ੍ਹਾਂ ਨੂੰ ਮੁਸਲਮਾਨਾਂ ਤੋਂ ਮਰਵਾਇਆ। ਇਨ੍ਹਾਂ ਦੋਨਾਂ ਭਰਾਵਾਂ ਨੇ ਉਨ੍ਹਾਂ ਨੂੰ ਸੋਧਾ ਲਾਇਆ। ਬੁੱਢਾ ਸਿੰਘ ਅਤੇ ਉਸ ਦੇ ਦੋਨਾਂ ਪੁੱਤਰਾਂ ਨੇ ਪਿੰਡ ਸ਼ੁਕਰਚੱਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ। 1793 ਬਿਕ੍ਰਮੀ ਨੂੰ ਮਜੀਠਾ ਪਿੰਡ ਵਿੱਚ ਪਠਾਣਾ ਨਾਲ ਹੋਈ ਲੜਾਈ ਵਿੱਚ ਬੁੱਢਾ ਸਿੰਘ ਅਤੇ ਨੌਧ ਸਿੰਘ ਸ਼ਹੀਦ ਹੋ ਗਏ। ਉਸ ਸਮੇਂ ਨੌਧ ਸਿੰਘ ਦਾ ਪੁੱਤਰ ਚੜ੍ਹਤ ਸਿੰਘ 13 ਸਾਲ ਦਾ ਸੀ ਅਤੇ ਇੱਕ ਛੋਟਾ ਦਲ ਸਿੰਘ ਸੀ।
4. ਸੁੱਕਰਚੱਕੀਆ ਅਤੇ ਸੰਧਾਵਾਲੀਆ ਅਗਰ ਇੱਕ ਸਨ ਤਾਂ ਇਹ ਵੱਖ ਵੱਖ ਕਿਵੇਂ ਗਏ ?
ਬਾਦ ਵਿੱਚ ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਦੇ ਸਮੇਂ ਨੌਧ ਸਿੰਘ ਦਾ ਵੰਸ਼ ਜੋ ਪਿੰਡ ਸ਼ੁੱਕਰਚੱਕ ਵਿੱਚ ਰਿਹਾ ਸ਼ੁੱਕਰਚੱਕੀਆ ਕਹਿਲਾਇਆ। ਚੰਦਾ ਸਿੰਘ ਦਾ ਵੰਸ਼ ਸੰਧਾਵਾਲੀਆ ਕਹਿਲਾਇਆ। ਚੜ੍ਹਤ ਸਿੰਘ ਨੇ ਆਪਣੇ ਚਾਚੇ ਚੰਦਾ ਸਿੰਘ ਨਾਲ ਅਬਦਾਲੀ ਨਾਲ ਵੀ ਜੰਗਾਂ ਲੜੀਆਂ। ਗੁਜਰਾਂਵਾਲਾ ਵੀ ਇਨ੍ਹਾਂ ਦੇ ਵਡੇਰਿਆਂ ਨੇ ਵਸਾਇਆ ਸੀ ਜਿਸ ਦਾ ਨਾਮ ਖਾਨਪੁਰ ਰੱਖਿਆ ਸੀ ਜੋ ਗੁੱਜਰ ਅਤੇ ਚੱਠੇ ਜੱਟਾਂ ਨੇ ਜਿੱਤ ਲਿਆ ਸੀ ਅਤੇ ਨਾਮ ਗੁਜਰਾਂਵਾਲਾ ਰੱਖ ਦਿੱਤਾ। ਚੜ੍ਹਤ ਸਿੰਘ ਨੇ ਇਹ ਵੀ ਆਪਣੇ ਕਬਜੇ ਵਿੱਚ ਲੈ ਲਿਆ। ਸਿਆਲਕੋਟ ਵੀ ਇਨ੍ਹਾਂ ਦੇ ਵਡੇਰਿਆਂ ਨੇ ਵਸਾਇਆ ਸੀ ਜਿਸ ਦਾ ਹੁਣ ਹਾਕਮ ਨੂਰਦੀਨ ਸੀ ਉਸ ਨੂੰ ਭਜਾ ਦਿੱਤਾ। ਉਥੇ ਆਪਣੇ ਛੋਟੇ ਭਰਾ ਦਲ ਸਿੰਘ ਨੂੰ ਬਿਠਾ ਕੇ ਆਪ ਵਾਪਸ ਗੁਜਰਾਂਵਾਲਾ ਆ ਗਿਆ। ਤੈਮੂਰ ਨੇ ਗੁਜਰਾਂਵਾਲਾ ਦੇ ਕਿਲੇ ਵੱਡੀ ਫ਼ੌਜ ਨਾਲ ਘੇਰ ਲਿਆ। ਇੱਕ ਮਹੀਨੇ ਤੱਕ ਕਿਲੇ ਅੰਦਰੋ ਉਸ ਦਾ ਮੁਕਾਬਲਾ ਕੀਤਾ। ਜਦੋ ਇਹ ਖਬਰ ਭੰਗੀ ਮਿਸਲ ਦੇ ਸਰਦਾਰ ਝੰਡਾ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਕੋਲ ਪੁੱਜੀ ਉਹ ਝੱਟ ਹਮਲੇ ਲਈ ਆ ਗਏ। ਇੰਨਾਂ ਜ਼ਬਰਦਸਤ ਹਮਲਾ ਕੀਤਾ ਕਿ ਤੈਮੂਰ ਦੇ ਸੱਭ ਅਹਿਲਕਾਰ ਤੋਪਾਂ, ਘੋੜੇ ਅਤੇ ਹੋਰ ਸਮਾਨ ਛੱਡ ਕੇ ਭੱਜ ਗਏ।
ਚੜ੍ਹਤ ਸਿੰਘ ਦੇ ਹੌਸਲੇ ਬੁਲੰਦ ਹੋ ਗਏ। ਅਹਿਮਦ ਸ਼ਾਹ ਅਬਦਾਲੀ ਦੇ ਸੂਬੇਦਾਰ ਤੋਂ ਵਜ਼ੀਰਾਬਾਦ ਖੋਹ ਲਿਆ। ਉਹ ਗੁਰਬਖਸ਼ ਸਿੰਘ ਦੇ ਹਵਾਲੇ ਕਰ ਦਿੱਤਾ ਜੋ ਚੜ੍ਹਤ ਸਿੰਘ ਦੇ ਸਹੁਰਾ ਲੱਗਦੇ ਸਨ। ਅਗਲੇ ਸਾਲ ਅਹਿਮਦ ਸ਼ਾਹ ਦੇ ਚਾਚੇ ਸਰਬੁਲੰਦ ਖਾਂ ਜੋ ਰੋਹਤਾਸ ਦਾ ਸੂਬੇਦਾਰ ਸੀ ਰੋਹਤਾਸ ਵੀ ਖੋਹ ਲਿਆ। ਆਲੇ-ਦੁਆਲੇ ਦੇ ਕਈ ਇਲਾਕੇ ਜਿੱਤ ਲਏ। ਲੂਣ ਮਿਆਣੀ ਦੀ ਖਾਣ ਤੇ ਵੀ ਕਬਜ਼ਾ ਕਰ ਲਿਆ। ਹੁਣ ਚੜ੍ਹਤ ਸਿੰਘ ਤੋਂ ਦੁਨੀਆਂ ਡਰਨ ਲੱਗੀ।
5. ਜੰਮੂ ਦੇ ਰਾਜਿਆਂ ਨਾਲ ਇਨ੍ਹਾਂ ਦਾ ਕਿ ਸੰਬੰਧ ਸੀ ?
ਇਸ ਸਮੇਂ ਜੰਮੂ ਦਾ ਰਾਜਾ ਰਣਜੀਤ ਦੇਵ ਸੀ ਉਹ ਆਪਣੇ ਵੱਡੇ ਪੁੱਤਰ ਬ੍ਰਿਜ ਦੇਵ ਦੀ ਥਾਂ ਆਪਣੇ ਛੋਟੇ ਪੁੱਤਰ ਦਲੇਲ ਸਿੰਘ ਨੂੰ ਗੱਦੀ ਦੇਣਾ ਚਾਹੁੰਦਾ ਸੀ। ਬ੍ਰਿਜ ਦੇਵ ਨੇ ਚੜ੍ਹਤ ਸਿੰਘ ਅਤੇ ਘਨਈਆ ਮਿਸਲ ਦੇ ਜੈ ਸਿੰਘ ਤੋਂ ਮੱਦਦ ਮੰਗੀ। ਜਦੋਂ ਰਣਜੀਤ ਦੇਵ ਨੂੰ ਪਤਾ ਲੱਗਾ ਤਾਂ ਉਸ ਨੇ ਭੰਗੀ ਮਿਸਲ ਦੇ ਝੰਡਾ ਸਿੰਘ ਤੋਂ ਮੱਦਦ ਮੰਗੀ ਉਧੋ ਚੱਕ ਕੁੱਝ ਦਿਨਾਂ ਤੱਕ ਲੜਾਈ ਚੱਲੀ। ਚੜ੍ਹਤ ਸਿੰਘ ਦੀ ਬੰਦੂਕ ਫਟ ਗਈ ਅਤੇ ਮੌਤ ਹੋ ਗਈ। ਜੈ ਸਿੰਘ ਅਤੇ ਹਕੀਕਤ ਸਿੰਘ ਨੇ ਝੰਡਾ ਸਿੰਘ ਭੰਗੀ ਨੂੰ ਵੀ ਮਰਵਾ ਦਿੱਤਾ। ਭੰਗੀ ਮਿਸਲ ਦੀ ਫੌਜ ਦਾ ਲੱਕ ਟੁੱਟ ਗਿਆ। ਅਖੀਰ ਰਣਜੀਤ ਦੇਵ ਨੇ ਦੋਨਾਂ ਫੌਜਾਂ ਨੂੰ ਨਜ਼ਰਾਨੇ ਦੇ ਕੇ ਵਾਪਸ ਕਰ ਦਿੱਤਾ ਅਤੇ ਬ੍ਰਿਜ ਦੇਵ ਨੂੰ ਗੱਦੀ ਤੇ ਬਿਠਾ ਦਿੱਤਾ।
ਚੜ੍ਹਤ ਸਿੰਘ ਦੇ ਦੋ ਪੁੱਤਰ ਸਨ ਮਹਾਂ ਸਿੰਘ ਅਤੇ ਸਹਿਜ ਸਿੰਘ। ਇਸ ਵੇਲੇ ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਦੀ ਉਮਰ ਸਿਰਫ 12-13 ਸਾਲ ਦੀ ਸੀ। ਕੁੱਝ ਸਮੇਂ ਲਈ ਜੈ ਸਿੰਘ ਕਨੱਈਆ ਇਸ ਮਿਸਲ ਦਾ ਸਰਪ੍ਰਸਤ ਬਣਿਆ ਰਿਹਾ। ਜੈ ਸਿੰਘ ਨੇ ਮਹਾਂ ਸਿੰਘ ਦਾ ਵਿਆਹ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਪੁੱਤਰੀ ਨਾਲ ਕਰਵਾ ਦਿੱਤਾ ਜਿਸ ਦੇ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ।
6. ਮੁਲਤਾਨ ਦੀ ਜਿੱਤ ਅਤੇ ਜ਼ਮਜ਼ਮਾ ਤੋਪ
ਮਹਾਂ ਸਿੰਘ ਨੇ ਭੰਗੀ ਮਿਸਲ ਨਾਲ ਸੁਲਾਹ ਕਰ ਲਈ। ਇਨ੍ਹਾਂ ਨੇ ਮਿਲ ਕੇ ਮੁਲਤਾਨ ਜਿੱਤ ਲਿਆ ਫਿਰ ਅਹਿਮਦਾਬਾਦ ਤੇ ਹਮਲਾ ਕਰਕੇ ਅਹਿਮਦ ਖਾਂ ਤੋ ਅਹਿਮਦ ਸ਼ਾਹ ਅਬਦਾਲੀ ਵਾਲੀ ਤੋਪ ਖੋਹ ਲਈ। ਇਹ ਉਹ ਤੋਪ ਸੀ ਜਿਸ ਨਾਲ ਅਬਦਾਲੀ ਨੇ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾਇਆ ਸੀ। ਫਿਰ ਮਹਾਂ ਸਿੰਘ ਨੇ ਹੋਰ ਕਈ ਇਲਾਕੇ ਜਿੱਤੇ।
7. ਮਹਾਂ ਸਿੰਘ ਦੀ ਭੈਣ ਦਾ ਵਿਆਹ ਭੰਗੀ ਮਿਸਲ ਵਿੱਚ
ਮਹਾਂ ਸਿੰਘ ਨੇ ਆਪਣੀ ਭੈਣ ਦਾ ਵਿਆਹ ਭੰਗੀਆਂ ਮਿਸਲ ਦੇ ਸਰਦਾਰ ਗੁਜਰ ਸਿੰਘ ਨਾਲ ਕਰ ਦਿੱਤਾ। ਗੁਜਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਗੁਜਰਾਤ ਵਿੱਚ ਆਪਣੇ ਪਿਤਾ ਦੇ ਕੁੱਝ ਇਲਾਕਿਆਂ ਤੇ ਕਬਜ਼ਾ ਕਰ ਲਿਆ। ਪਿਓ ਪੁੱਤਰ ਦੀ ਲੜਾਈ ਵਧ ਗਈ ਅਤੇ ਮਹਾਂ ਸਿੰਘ ਨੇ ਸੁਲਾਹ ਕਰਵਾਈ। ਸਾਹਿਬ ਸਿੰਘ ਨੂੰ ਇੱਕ ਜਗੀਰ ਦਿੱਤੀ। ਅਗਲੇ ਦੋ ਮਹੀਨਿਆਂ ਵਿੱਚ ਮਹਾਂ ਸਿੰਘ ਨੇ ਰੋਹਤਾਸ, ਸਾਹੀਵਾਲ ਅਤੇ ਨਜ਼ਦੀਕੀ ਇਲਾਕਿਆਂ ਤੇ ਕਬਜ਼ਾ ਕਰ ਲਿਆ।
8. ਮਹਾਰਾਜਾ ਰਣਜੀਤ ਸਿੰਘ ਦਾ ਜਨਮ
ਅਹਿਮਦ ਸ਼ਾਹ ਅਬਦਾਲੀ ਵਾਲੀ ਤੋਪ ਉਸ ਨੇ ਰਸੂਲ ਨਗਰ ਦੇ ਪੀਰ ਮੁਹੰਮਦ ਖਾਂ ਕੋਲ ਰੱਖੀ ਸੀ। ਜਦੋਂ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਤੁਰੰਤ ਰਸੂਲ ਨਗਰ ਨੂੰ ਘੇਰਾ ਪਾ ਲਿਆ। ਤਿੰਨ ਮਹੀਨੇ ਘੇਰਾ ਪਾਈ ਰੱਖਿਆ ਅਖੀਰ ਜਿੱਤ ਹੋਈ।
ਮਹਾਂ ਸਿੰਘ ਅਜੇ ਰਸੂਲ ਨਗਰ ਤੋਂ ਵਿਹਲਾ ਨਹੀਂ ਹੋਇਆ ਸੀ ਕਿ ਉਸ ਨੂੰ ਖਬਰ ਮਿਲੀ ਕਿ ਗੁਜਰਾਂਵਾਲਾ ਉਸ ਦੇ ਘਰ ਵਿੱਚ 2 ਮੱਘਰ ਸੰਮਤ 1837 ਨੂੰ ਇੱਕ ਪੁੱਤਰ ਨੇ ਜਨਮ ਲਿਆ ਹੈ। ਇਹ ਸੁਣ ਕੇ ਉਸ ਨੂੰ ਬਹੁਤ ਖੁਸ਼ੀ ਹੋਈ ਅਤੇ ਗ਼ਰੀਬਾਂ ਵਿੱਚ ਬਹੁਤ ਦਾਨ ਕੀਤਾ। ਉਸ ਦਾ ਨਾਮ ਰਣਜੀਤ ਰੱਖਿਆ।
ਪੀਰ ਮੁਹੰਮਦ ਖਾਂ ਤੋਂ ਰਸੂਲ ਪੁਰ ਅਤੇ ਅਲੀਪੁਰ ਜਿੱਤੇ ਸਨ। ਰਸੂਲਪੁਰ ਦਾ ਨਾਮ ਰਾਮ ਨਗਰ ਅਤੇ ਅਲੀਪੁਰ ਦਾ ਨਾਮ ਆਕਾਲ ਗੜ੍ਹ ਰੱਖਿਆ। ਉਧਰ ਜੰਮੂ ਦਾ ਰਾਜਾ ਬ੍ਰਿਜ ਦੇਵ ਜਿਸ ਨੂੰ ਖੜਕ ਸਿੰਘ ਦੀ ਵਜਾਹ ਨਾਲ ਗੱਦੀ ਮਿਲੀ ਸੀ ਹਕੀਕਤ ਸਿੰਘ ਕਨੱਈਆ ਮਿਸਲ ਵਾਲੇ ਨੂੰ 30,000 ਰੁਪਏ ਸਲਾਨਾ ਦੇਣ ਦਾ ਇਕਰਾਰ ਸੀ ਪਰ ਦੋ ਸਾਲ ਉਡੀਕਣ ਤੇ ਵੀ ਉਸ ਨੇ ਪੈਸੇ ਨਹੀਂ ਦਿੱਤੇ। ਇਸ ਲਈ ਹਕੀਕਤ ਸਿੰਘ ਨੇ ਸਰਦਾਰ ਮਹਾਂ ਸਿੰਘ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਇੱਕ ਪਾਸੇ ਤੋਂ ਮੈ ਹਮਲਾ ਕਰਾਂਗਾ ਅਤੇ ਦੂਜੇ ਪਾਸੇ ਤੋਂ ਤੂੰ ਕਰੀਂ। ਮਹਾਂ ਸਿੰਘ ਫੌਜ ਲੈ ਕੇ ਅੱਪੜ ਗਿਆ ਪਰ ਹਕੀਕਤ ਸਿੰਘ ਸਮੇਂ ਸਿਰ ਨਾ ਪਹੁੰਚਿਆ। ਬ੍ਰਿਜ ਦੇਵ ਨੱਠ ਗਿਆ ਅਤੇ ਜੰਮੂ ਤੇ ਮਹਾਂ ਸਿੰਘ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਦਿਵਾਲੀ ਤੇ ਮਹਾਂ ਸਿੰਘ ਅਤੇ ਜੈ ਸਿੰਘ ਕਨੱਈਆ ਦੀ ਜੰਮੂ ਵਾਲੇ ਮਾਮਲੇ ਤੇ ਵਿਗੜ ਗਈ। ਮਜੀਠੇ ਕੋਲ ਦੋਹਾਂ ਦੀ ਝੜਪ ਹੋਈ ਮਹਾਂ ਸਿੰਘ ਦੀ ਜਿੱਤ ਹੋਈ। ਕੁੱਝ ਦੇਰ ਬਾਅਦ ਜੈ ਸਿੰਘ ਕਨੱਈਆ ਨੇ ਬਦਲਾ ਲੈਣ ਦੀ ਸੋਚੀ। ਮਹਾਂ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਸ ਨੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਸਮਝੌਤਾ ਕੀਤਾ ਕਿ ਜੈ ਨੂੰ ਹਰਾ ਕੇ ਉਸ ਦੇ ਇਲਾਕੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਿੱਤੇ ਜਾਣਗੇ। ਜੱਸਾ ਸਿੰਘ ਰਾਮਗੜ੍ਹੀਆ ਜੈ ਸਿੰਘ ਦਾ ਕੱਟੜ ਵੈਰੀ ਸੀ। ਨੌਸ਼ਹਿਰਾ ਦੇ ਮੈਦਾਨ ਵਿੱਚ ਲੜਾਈ ਹੋਈ ਜੈ ਸਿੰਘ ਹਾਰ ਕੇ ਭੱਜ ਗਿਆ।
9. ਕਾਂਗੜੇ ਦੇ ਰਾਜੇ ਸੰਸਾਰ ਚੰਦ ਕਟੋਚ ਨਾਲ ਸੰਧੀ
ਰਾਜਾ ਸੰਸਾਰ ਚੰਦ ਕਟੋਚ ਮਹਾਂ ਸਿੰਘ ਨੂੰ ਦੀਨਾਨਗਰ ਮਿਲਣ ਆਇਆ ਅਤੇ ਕਿਹਾ ਕਿ ਅਗਰ ਕਾਂਗੜੇ ਦਾ ਕਿਲਾ ਮੇਰੇ ਕਬਜੇ ਵਿੱਚ ਆ ਜਾਵੇ ਤਾਂ ਮੈ ਦੋ ਲੱਖ ਰੁਪਏ ਦੇਵਾਂਗਾ। ਉਸ ਕਿਲੇ ਤੇ ਰਾਜਾ ਜੈ ਸਿੰਘ ਦਾ ਕਬਜ਼ਾ ਸੀ। ਮਹਾਂ ਸਿੰਘ ਮੰਨ ਗਿਆ। ਉਸ ਨੇ ਆਪਣੇ ਦੋ ਜਰਨੈਲ ਫੌਜ ਦੇ ਕੇ ਭੇਜੇ। ਸੰਸਾਰ ਚੰਦ ਨਾਲ ਮਿਲ ਕੇ ਕਿਲਾ ਘੇਰ ਲਿਆ। ਕੁੱਝ ਦਿਨ ਲੜਾਈ ਚੱਲੀ ਫੌਜ ਦੇ ਰਾਸ਼ਨ ਦੇ ਪੈਸੇ ਸੰਸਾਰ ਚੰਦ ਤੋਂ ਲੈਣੇ ਸਨ ਸੰਸਾਰ ਚੰਦ ਮੁਨਕਰ ਹੋ ਰਿਹਾ ਸੀ ਕਿ ਜਿੱਤ ਕੇ ਸਾਰੇ ਪੈਸੇ ਦੇਵਾਂਗਾ। ਫੌਜ ਵਾਪਸ ਗੁਜਰਾਂਵਾਲਾ ਮੁੜ ਗਈ। ਮਹਾਂ ਸਿੰਘ ਨੂੰ ਬਹੁਤ ਗੁੱਸਾ ਆਇਆ ਪਰ ਉਸ ਨੇ ਫਿਰ ਸਹੀ ਕਹਿ ਕੇ ਟਾਲ ਦਿੱਤਾ।
10. ਮਹਾਰਾਜਾ ਰਣਜੀਤ ਸਿੰਘ ਦਾ ਬਿਮਾਰ ਹੋਣਾ ਅਤੇ ਇੱਕ ਅੱਖ ਚਲੀ ਜਾਣੀ
ਬ੍ਰਿਜ ਰਾਜ ਵਾਪਸ ਜੰਮੂ ਆ ਗਿਆ। ਜਦੋਂ ਮਹਾਂ ਸਿੰਘ ਨੂੰ ਪਤਾ ਲੱਗਾ ਉਸ ਨੇ ਝੱਟ ਚੜ੍ਹਾਈ ਕਰ ਦਿੱਤੀ। ਉਨ੍ਹਾਂ ਦੇ ਬਰੂਦ ਦੇ ਗੋਦਾਮ ਨੂੰ ਅੱਗ ਲਾ ਦਿੱਤੀ। ਕਈ ਰਈਸ ਮਹਾਂ ਸਿੰਘ ਕੋਲ ਨਜ਼ਰਾਨੇ ਲੈ ਕੇ ਆਏ। ਇਸੇ ਹੀ ਸਮੇਂ ਉਸ ਦੇ ਪੁੱਤਰ ਰਣਜੀਤ ਸਿੰਘ ਨੂੰ ਚੇਚਕ ਨਿਕਲ ਆਈ। ਬੀਮਾਰੀ ਇੰਨੀ ਭਿਆਨਕ ਹੋ ਗਈ ਕਿ ਬੱਚੇ ਦਾ ਬਚਣਾ ਮੁਸ਼ਕਿਲ ਹੋ ਗਿਆ। ਮਹਾਂ ਸਿੰਘ ਬਹੁਤ ਘਬਰਾ ਗਿਆ। ਰਾਮਨਗਰ ਵਿੱਚ ਅਖੰਡ ਪਾਠ ਰੱਖਿਆ ਗਿਆ। ਗ਼ਰੀਬਾਂ ਨੂੰ ਬਹੁਤ ਦਾਨ ਕੀਤਾ। ਬੱਚਾ ਬਚ ਗਿਆ ਪਰ ਮੂੰਹ ਦਾ ਇੱਕ ਪਾਸਾ ਖਰਾਬ ਹੋ ਗਿਆ। ਇੱਕ ਅੱਖ ਬੰਦ ਹੋ ਗਈ। ਮਹਾਂ ਸਿੰਘ ਨੇ ਇੰਨਾ ਹੀ ਸ਼ੁਕਰ ਮਨਾਇਆ ਕਿ ਬੱਚੇ ਦੀ ਜਾਨ ਬਚ ਗਈ। ਕਨੱਈਆ ਮਿਸਲ ਦੇ ਜੈ ਸਿੰਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਜੋ ਗੁਰਬਖਸ਼ ਸਿੰਘ ਅਤੇ ਸਦਾ ਕੌਰ ਦੀ ਬੇਟੀ ਸੀ ਦਾ ਮੰਗਣਾ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਜੱਸਾ ਸਿੰਘ ਰਾਮਗੜ੍ਹੀਆ ਦੀ ਜੈ ਸਿੰਘ ਨਾਲ ਦੁਸ਼ਮਣੀ ਸੀ ਅਤੇ ਮਹਾਂ ਸਿੰਘ ਨਾਲ ਦੋਸਤੀ ਸੀ ਉਸ ਨੂੰ ਇਹ ਚੰਗਾ ਨਹੀਂ ਲੱਗਾ। ਮੌਕਾ ਪਾ ਕੇ ਉਸ ਨੇ ਮਹਾਂ ਸਿੰਘ ਤੇ ਹਮਲਾ ਕਰ ਦਿੱਤਾ ਜਦੋ ਉਹ ਆਪਣੇ ਇਲਾਕੇ ਦੇ ਦੌਰੇ ਤੇ ਸੀ। ਭਿਆਨਕ ਜੰਗ ਹੋਈ। ਮਹਾਂ ਸਿੰਘ ਬਹੁਤ ਦਲੇਰ ਸੀ। ਜੱਸਾ ਸਿੰਘ ਰਾਮਗੜ੍ਹੀਆ ਹਾਰ ਕੇ ਭੱਜ ਗਿਆ। ਜੋਧ ਸਿੰਘ ਕਲਾਲ ਵਾਲੀਆ ਮਾਰਿਆ ਗਿਆ। 1847 ਵਿਕਰਮੀ ਨੂੰ ਮਹਾਂ ਸਿੰਘ ਦਾ ਜੀਜਾ ਗੁਜਰ ਸਿੰਘ ਭੰਗੀ ਆਕਾਲ ਚਲਾਣਾ ਕਰ ਗਿਆ। ਉਸ ਦਾ ਪੁੱਤਰ ਸਾਹਿਬ ਸਿੰਘ ਜਿਸ ਦੀ ਆਪਣੇ ਬਾਪ ਨਾਲ ਬਣਦੀ ਨਹੀਂ ਸੀ ਸੋਧਰੇ ਦੇ ਕਿਲੇ ਤੇ ਕਬਜ਼ਾ ਕਰਨ ਆ ਗਿਆ। ਮਹਾਂ ਸਿੰਘ ਨੇ ਵੀ ਕਿਲੇ ਨੂੰ ਘੇਰਾ ਪਾ ਲਿਆ। ਸਾਹਿਬ ਸਿੰਘ ਦੀ ਫੌਜ ਕਿਲੇ ਅੰਦਰੋਂ ਲੜਦੀ ਰਹੀ। ਮਹਾਂ ਸਿੰਘ ਜ਼ਖਮੀ ਅਤੇ ਬੀਮਾਰ ਹੋ ਗਿਆ। ਰਣਜੀਤ ਸਿੰਘ ਵੀ ਜੰਗ ਵਿੱਚ ਸੀ। ਮਹਾਂ ਸਿੰਘ ਕਮਾਨ ਦਲ ਸਿੰਘ ਅਤੇ ਰਣਜੀਤ ਦੇ ਹੱਥ ਦੇ ਕੇ ਆਪ ਇਲਾਜ ਲਈ ਗੁਜਰਾਂਵਾਲਾ ਵਾਪਸ ਆ ਗਿਆ। ਇੰਨੇ ਨੂੰ ਖਬਰ ਮਿਲੀ ਕਿ ਜੱਸਾ ਸਿੰਘ ਰਾਮਗੜ੍ਹੀਆ, ਕਰਮ ਸਿੰਘ ਦੂਲੋਂ, ਦਲ ਸਿੰਘ ਅਤੇ ਜੋਧ ਸਿੰਘ ਭੰਗੀ ਆਪਣੀਆਂ ਫੌਜਾਂ ਲੈ ਕੇ ਚੜ੍ਹਾਈ ਕਰਨ ਆ ਰਹੇ ਹਨ। ਰਣਜੀਤ ਸਿੰਘ ਦੀ ਉਮਰ ਬਹੁਤ ਛੋਟੀ ਸੀ ਪਰ ਉਹ ਉਨ੍ਹਾਂ ਨੂੰ ਰੋਕਣ ਲਈ ਝੱਟ ਤੁਰ ਪਿਆ। ਕੋਟ ਰਾਜਾ ਕੋਲ ਲੜਾਈ ਹੋਈ। ਉਮਰ ਵਿੱਚ ਛੋਟਾ ਹੋਣ ਦੇ ਬਾਵਜੂਦ ਰਣਜੀਤ ਸਿੰਘ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਫੌਜਾਂ ਭਜਾ ਦਿੱਤੀਆਂ। ਇਹ 14 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਦੀ ਪਹਿਲੀ ਫਤਿਹ ਸੀ।
11. ਮਹਾਂ ਸਿੰਘ ਦਾ ਆਕਾਲ ਚਲਾਣਾ
ਮਹਾਂ ਸਿੰਘ ਗੁਜਰਾਂਵਾਲਾ ਵਿੱਚ ਜ਼ਖਮੀ ਅਤੇ ਬਿਮਾਰੀ ਪਿਆ ਸੀ। 5 ਵਿਸਾਖ 1847 ਨੂੰ ਖਬਰ ਆਈ ਕਿ ਮਹਾਂ ਸਿੰਘ ਆਕਾਲ ਚਲਾਣਾ ਕਰ ਗਏ ਹਨ। ਰਣਜੀਤ ਸਿੰਘ ਨੇ ਗੁਜਰਾਂਵਾਲਾ ਕੂਚ ਕੀਤਾ ਅਤੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ।