THIS SITE IS MADE FOR RAJPUTS' HISTORY
ਪਿੰਡ ਕਾਲਰਾ ਵਿੱਚ ਹਾਈ ਸਕੂਲ ਬਣਾਉਣ ਵਾਲੇ ''ਸਿੱਖ ਰਾਜਪੂਤ''
ਸਰਦਾਰ ਬਿਕਰਮਾ ਸਿੰਘ ਪਰਹਾਰ
ਕੁੱਝ ਅਨਮੋਲ ਸ਼ਬਦ
ਸੰਨ 1911 ਭਾਰਤ ਅਜੇ ਅੰਗਰੇਜ਼ਾਂ ਦਾ ਗੁਲਾਮ ਸੀ
ਪਿੰਡ ਕਾਲਰਾ ਵਿੱਚ ਹਾਈ ਸਕੂਲ ਬਣਾਉਣ ਵਾਲੇ ਸਿੱਖ ਰਾਜਪੂਤ ਸਰਦਾਰ ਬਿਕਰਮਾ ਸਿੰਘ ਪਰਹਾਰ ਅਤੇ ਉਨ੍ਹਾਂ ਦੇ ਸਪੁੱਤਰ ਸਰਦਾਰ ਹਰਕਿਸ਼ਨ ਸਿੰਘ ਪਰਹਾਰ ਬਾਰੇ ਕੁੱਝ ਸ਼ਬਦ
ਖਾਸ ਧੰਨਵਾਦ ਸਰਦਾਰ ਗੁਰਦੀਪ ਸਿੰਘ ਮਿਨਹਾਸ ਸਪੁੱਤਰ ਸਰਦਾਰ ਹਰਦਾਸ ਸਿੰਘ ਮਿਨਹਾਸ ਪਿੰਡ ਡਰੋਲੀ ਕਲਾਂ (ਅੱਜ ਗਾਜ਼ੀਆਬਾਦ ਰਹਿੰਦੇ ਹਨ) ਜਿਨ੍ਹਾਂ ਨੇ ਕੁੱਝ ਜਾਣਕਾਰੀਆਂ ਦਿੱਤੀਆਂ।
ਇੱਕ ਗੱਲ ਸੋਚਣ ਵਾਲੀ ਹੈ ਕਿ ਜਿਸ ਸਮੇਂ ਕੋਈ ਸਕੂਲ ਵੀ ਨਹੀਂ ਜਾਂਦਾ ਸੀ ਇਨ੍ਹਾਂ ਸਿੱਖ ਰਾਜਪੂਤਾਂ ਦੀ ਸੋਚ ਸਿੱਖਿਆ ਦੇ ਖੇਤਰ ਵੱਲ ਕਿਉਂ ਅਤੇ ਕਿਵੇਂ ਗਈ?
ਅਗਰ ਮੈਂ ਇਨ੍ਹਾਂ ਸਿੱਖ ਰਾਜਪੂਤਾਂ ਦਾ ਪਿਛੋਕੜ ਲੱਭਦਾ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਮਿਲਦਾ ਹੈ। ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਸਦਕਾ ਬਹੁਤ ਰਾਜਪੂਤ ਸਨਾਤਨ ਧਰਮ ਦੇ ਨਾਲ ਨਾਲ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਨੂੰ ਵੀ ਮੰਨਣ ਲੱਗੇ। ਇਨ੍ਹਾਂ ਵਿੱਚ ਹੀ ਇੱਕ ਪਰਿਵਾਰ ਸੀ ਜੋ ਸਿਆਲਕੋਟ ਤੋਂ ਚੱਲ ਕੇ ਪਿੰਡ ਹਾਰਟਾ ਜ਼ਿਲਾ ਹੁਸ਼ਿਆਰਪੁਰ ਆਉਂਦਾ ਹੈ ਅਤੇ ਇੱਕ ਜਾਗੀਰ ਪ੍ਰਾਪਤ ਕਰਦਾ ਹੈ। ਕੁਝ ਸਮੇ ਬਾਅਦ ਉਹ ਆਪਣਾ ਕੇਂਦਰ ਪਿੰਡ ਡਰੋਲੀ ਕਲਾਂ ਬਣਾਉਂਦਾ ਹੈ। ਇਹ ਪਰਿਵਾਰ ਸ਼ਹੀਦ ਬਾਬਾ ਮੱਤੀ ਦੇਵ ਜੀ ਦਾ ਪਰਿਵਾਰ ਸੀ ਜੋ ਮਿਨਹਾਸ ਰਾਜਪੂਤ ਸਨ। ਇਨ੍ਹਾਂ ਦੀ ਜਾਗੀਰ ਵਿੱਚ ਇੱਕ ਪਰਹਾਰ ਰਾਜਪੂਤਾਂ ਦਾ ਪਰਿਵਾਰ ਜੋ ਅੰਬ ਸ਼ਹਿਰ (ਅੱਜ ਹਿਮਾਚਲ ਪ੍ਰਦੇਸ਼) ਤੋਂ ਆਉਂਦਾ ਹੈ ਉਹ ਪਹਿਲਾਂ ਪਿੰਡ ਪਧਿਆਣਾ ਵਿੱਚ ਰੁਕਦਾ ਹੈ ਅਤੇ ਫਿਰ ਉਸ ਪਰਿਵਾਰ ਨੂੰ ਪੱਕੀ ਰਿਹਾਇਸ਼ ਦੇਣ ਲਈ ਅਜੋਕਾ ਪਿੰਡ ਕਾਲਰਾ ਦੀ ਜਮੀਨ ਦਿੱਤੀ ਜਾਂਦੀ ਹੈ।
ਜਿਵੇਂ ਕਿ ਸੱਭ ਨੂੰ ਪਤਾ ਹੈ ਕਿ ਡਰੋਲੀ ਦੇ ਮਿਨਹਾਸ ਰਾਜਪੂਤਾਂ ਦੀ ਜਾਗੀਰ ਬਹੁਤ ਵਿਸ਼ਾਲ ਸੀ। ਇਹ ਵੀ ਸੁਣਿਆ ਜਾਂਦਾ ਹੈ ਕਿ ਇਹ ਜ਼ਿਆਦਾਤਰ ਆਪਣੀ ਰਾਜਪੂਤੀ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਨੇ ਆਪਣੀਆਂ ਜ਼ਮੀਨ ਤੇ ਮਰੂਸੀ ਬਿਠਾ ਰੱਖੇ ਸਨ। ਮਾਣਕੋ ਤੋਂ ਕਠਾਰ ਤੱਕ ਇਨ੍ਹਾਂ ਰਾਜਪੂਤਾਂ ਦੀ ਜ਼ਮੀਨ ਸੀ। ਆਦਮਪੁਰ ਤੋਂ ਅੱਗੇ ਹਰੀਪੁਰ ਤੱਕ ਵੀ ਜਮੀਨ ਡਰੋਲੀ ਦੇ ਰਾਜਪੂਤਾਂ ਹੇਠ ਸੀ। ਪਹਿਲਾਂ ਕੁੱਝ ਜਮੀਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਨ੍ਹਾਂ ਤੋਂ ਲੈ ਕੇ ਹਰੀਪੁਰ ਦੇ ਮਰੂਸੀਆਂ ਨੂੰਦੇ ਦਿੱਤੀ। ਫਿਰ 1885 ਵਿੱਚ ਅੰਗਰੇਜਾਂ ਨੇ ਰਾਜਪੂਤਾਂ ਨਾਲ ਇੱਕ ਸਮਝੌਤਾ ਕੀਤਾ ਕਿ ਅਸੀਂ ਤੁਹਾਡੇ ਤੋਂ ਲਗਾਨ ਨਹੀਂ ਲਵਾਂਗੇ ਅਗਰ ਤੁਸੀਂ ਆਪਣੀ ਘੋੜਿਆਂ ਦੀ ਫੌਜ ਨਾ ਰੱਖੋ। ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਕਿ ਪਹਿਲਾਂ ਜਿਸ ਨੂੰ ਜਾਗੀਰ ਦਿੱਤੀ ਜਾਂਦੀ ਸੀ ਰਾਜੇ ਵਲੋਂ ਉਸ ਨੂੰ ਇੱਕ ਪ੍ਰਾਈਵੇਟ ਫੌਜ ਰੱਖਣ ਦੀ ਇਜ਼ਾਜ਼ਤ ਹੁੰਦੀ ਸੀ ਜੋ ਕਿਸੇ ਵੀ ਲੜਾਈ ਦੇ ਸਮੇ ਰਾਜੇ ਨੂੰ ਦੇਣੀ ਹੁੰਦੀ ਸੀ। ਇਸ ਫੌਜ ਦੀ ਸਾਂਭ ਸੰਭਾਲ ਅਤੇ ਸਿਪਾਹੀਆਂ ਦੀ ਤਨਖਾਹ ਦੇ ਹਿਸਾਬ ਨਾਲ ਜਾਗੀਰ ਦਿੱਤੀ ਜਾਂਦੀ ਸੀ। 19ਵੀਂ ਸਦੀ ਦੇ ਅਖੀਰ ਤੱਕ ਇਹ ਫੌਜ ਖਤਮ ਹੋ ਗਈ ਕਿਉਕਿ ਰਾਜਪੂਤ ਲਗਾਨ ਨਹੀਂ ਦਿੰਦੇ ਸਨ ਇਸ ਲਈ ਇਨ੍ਹਾਂ ਨੇ ਫੌਜ ਦਾ ਖਰਚਾ ਬਚਾਉਣ ਲਈ ਫੌਜ ਦੀ ਭਰਤੀ ਬੰਦ ਕਰ ਦਿੱਤੀ। ਅੰਗਰੇਜ ਨੇ ਮੌਕੇ ਦਾ ਫਾਇਦਾ ਚੁੱਕ ਕੇ ਨਵਾਂ ਕਨੂੰਨ ਬਣਾ ਦਿੱਤਾ ਅਤੇ ਜ਼ਮੀਨਾਂ ਮਰੂਸੀਆਂ ਦੇ ਨਾਮ ਕਰ ਦਿੱਤੀਆਂ। ਫੌਜ ਤੋਂ ਬਿਨਾ ਹੁਣ ਲੜਿਆ ਵੀ ਕਿਵੇਂ ਜਾਵੇ?
20ਵੀਂ ਦੇ ਸ਼ੁਰੂ ਵਿੱਚ ਪਿੰਡ ਕਾਲਰਾ ਵਿੱਚ ਸਰਦਾਰ ਬਿਕਰਮਾ ਸਿੰਘ ਆਪਣੇ ਤਿੰਨ ਪੁੱਤਰਾਂ ਨਾਲ ਰਹਿੰਦੇ ਸਨ। ਹਰਕਿਸ਼ਨ ਸਿੰਘ ਪਰਹਾਰ ਵੱਡੇ, ਪਰਸਾ ਸਿੰਘ ਵਿਚਾਲੇ ਵਾਲੇ ਅਤੇ ਹੈਡਮਾਸਟਰ ਹਣਸਾ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਸੱਭ ਤੋਂ ਛੋਟੇ ਸਨ। 20ਵੀਂ ਸਦੀ ਦੇ ਆਰੰਭ ਵਿੱਚ ਹੀ ਇਹ ਪਰਿਵਾਰ ਪੜ੍ਹਿਆ ਲਿਖਿਆ ਸੀ। ਇਨ੍ਹਾਂ ਦੇ ਪਿਤਾ ਜੀ ਸਰਦਾਰ ਬਿਕਰਮਾ ਸਿੰਘ ਪਰਹਾਰ ਦੀ ਲੰਬੀ ਸੋਚ ਸਦਕਾ ਇੱਕ ਪੇਂਡੂ ਸਕੂਲ ਬਣਾਉਣ ਦਾ ਖਾਕਾ ਬਣਾਇਆ ਜਾਂਦਾ ਹੈ। ਪਿੰਡ ਵਿਚਲੇ ਕੰਮ ਸਰਦਾਰ ਬਿਕਰਮਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪਰਸਾ ਸਿੰਘ ਪਰਹਾਰ ਅਤੇ ਹਣਸਾ ਸਿੰਘ ਪਰਹਾਰ ਨੇ ਸੰਭਾਲੇ। ਸਰਕਾਰੀ ਅਤੇ ਦਫ਼ਤਰੀ ਕੰਮ ਸਰਦਾਰ ਹਰਕਿਸ਼ਨ ਸਿੰਘ ਪਰਹਾਰ ਨੇ ਆਪਣੀ ਠੇਕੇਦਾਰੀ ਦੇ ਨਾਲ ਨਾਲ ਕੀਤੇ।
ਇਨ੍ਹਾਂ ਰਾਜਪੂਤਾਂ ਨੇ ਆਪਣੇ ਬੱਚੇ ਕਾਮਯਾਬ ਕਰਨ ਲਈ ਪੜ੍ਹਾਈ ਵੱਲ ਧਿਆਨ ਦਿੱਤਾ। ਇਸੇ ਦਾ ਨਤੀਜਾ ਹੈ ਕਿ ਇਲਾਕੇ ਦਾ ਪਹਿਲਾ ਸਕੂਲ ''ਕਿੰਗ ਜਾਰਜ ਖਾਲਸਾ ਹਾਈ ਸਕੂਲ'' ਕਾਲਰਾ ਬਣਿਆ। ਇਸ ਸਕੂਲ ਨੇ ਇਲਾਕੇ ਦੇ ਹਰੇਕ ਵਰਗ ਨੂੰ ਸਿੱਖਿਆ ਦਿੱਤੀ। ਸਰਦਾਰ ਹਰਕਿਸ਼ਨ ਸਿੰਘ ਪਰਹਾਰ ਇੱਕ ਸਰਕਾਰੀ ਠੇਕੇਦਾਰ ਸਨ ਅਤੇ ਜ਼ਿਆਦਾਤਰ ਲਾਹੌਰ ਹੀ ਰਹਿੰਦੇ ਸਨ। ਇੰਨੇ ਵੱਡੇ ਸ਼ਹਿਰ ਵਿੱਚ ਰਹਿ ਕੇ ਵੀ ਉਨ੍ਹਾਂ ਨੇ ਆਪਣੇ ਪਿੰਡ ਅਤੇ ਆਪਣੇ ਇਲਾਕੇ ਦਾ ਭਵਿੱਖ ਸਿੱਖਿਆ ਦੇ ਖੇਤਰ ਵੱਲ ਮੋੜਿਆ। ਅੱਜ ਪਿੰਡ ਕਾਲਰਾ ਦੇ ਬੱਚੇ ਇਹ ਵੀ ਨਹੀਂ ਜਾਂਦੇ ਹੋਣੇ ਕਿ ਅੱਜ ਜੋ ਦੁਨੀਆਂ ਦੋਆਬੇ ਨੂੰ ਪੜ੍ਹਿਆ ਲਿਖਿਆ ਸਮਝਦੀ ਹੈ ਓਹ ਸਰਦਾਰ ਬਿਕਰਮਾ ਸਿੰਘ ਪਰਹਾਰ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਅਗਾਂਹਵਧੂ ਸੋਚ ਰੱਖਣ ਵਾਲੇ ਰਾਜਪੂਤਾਂ ਦੀ ਦੇਣ ਹੈ। ਬਾਅਦ ਵਿੱਚ ਸੱਭ ਤੋਂ ਛੋਟੇ ਸਰਦਾਰ ਹਣਸਾ ਸਿੰਘ ਪਰਹਾਰ ਇਸ ਸਕੂਲ ਦੇ ਹੈਡਮਾਸਟਰ ਬਣੇ। ਜਿਨ੍ਹਾਂ ਲਈ ਇਹ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੇ ਕਦੇਂ ਤਨਖਾਹ ਨਹੀਂ ਲਈ।
ਇਸ ਸਕੂਲ ਵਿੱਚ ਕਠਾਰ ਤੱਕ ਦੇ ਬੱਚੇ, ਆਦਮਪੁਰ, ਹਰੀਪੁਰ, ਉੱਚਾ, ਕੋਟਲੀ ਆਦਿ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ। ਇਸ ਤੋਂ ਬਾਅਦ ਇਸ ਇਲਾਕੇ ਵਿੱਚ ਤਕਰੀਬਨ ਅੱਧੀ ਸਦੀ ਬਾਅਦ 1956 ਵਿੱਚ ਡਰੋਲੀ ਕਲਾਂ ਵਿੱਚ ਹਾਈ ਸਕੂਲ ਬਣਿਆਂ। ਅੱਜ ਕਿਸੇ ਨੂੰ ਸਰਦਾਰ ਹਰਕਿਸ਼ਨ ਸਿੰਘ ਪਰਹਾਰ ਬਾਰੇ ਕੁੱਝ ਵੀ ਨਹੀਂ ਪਤਾ ਹੋਣਾ। ਦੁਨੀਆਂ ਦੇ ਮਸ਼ਹੂਰ ਅਰਥ ਸ਼ਾਸਤਰੀ ਬਗੀਚਾ ਸਿੰਘ ਮਿਨਹਾਸ ਵੀ ਇਸੇ ਸਕੂਲ ਦੇ ਵਿਦਿਆਰਥੀ ਸਨ।
ਅਗਰ ਇਨ੍ਹਾਂ ਦੋਆਬੇ ਦੇ ਸਿੱਖ ਰਾਜਪੂਤਾਂ ਦੀ ਬਾਅਦ ਦੀ ਵੀ ਗੱਲ ਕਰਾਂ ਤਾਂ 1969 ਵਿੱਚ ਜਦੋਂ ਸਾਰੀ ਦੁਨੀਆਂ ਗੁਰੂ ਨਾਨਕ ਜੀ ਦੇ 500 ਸਾਲ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਸੀ ਤਾਂ ਇਨ੍ਹਾਂ ਰਾਜਪੂਤਾਂ ਨੇ ਇਹ ਸਾਲ ਯਾਦਗਾਰੀ ਬਣਾਉਣ ਲਈ 2 ਕਾਲਜ ਖੋਲ੍ਹ ਦਿੱਤੇ। ਇੱਕ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਅਤੇ ਦੂਜਾ ਨਵ ਭਾਰਤ ਕਾਲਜ ਨਰੂੜ ਪਾਂਛਟ। ਅੱਜ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਕਾਲਜਾਂ ਨੂੰ ਬਣਾਉਣ ਵਾਲੇ ਮਹਾਨ ਵਿਅਕਤੀ ਕੌਣ ਸਨ? ਅੱਜ ਕਿਸੇ ਕੋਲ ਸ਼ਾਇਦ ਸਰਦਾਰ ਹਰਕਿਸ਼ਨ ਸਿੰਘ ਪਰਹਾਰ ਦੀ ਫੋਟੋ ਵੀ ਨਾ ਹੋਵੇ। ਕਿਉਂ ?
Writer and Researcher
Satinder Singh Parhar