THIS SITE IS MADE FOR RAJPUTS' HISTORY
ਛਤ੍ਰੀ ਕਾ ਪੂਤ ਹੂੰ ਬਾਮਨ ਕਾ ਨਹਿ ਕੈ ਤਪੁ ਆਵਤ ਹੌ ਜੁ ਕਰੋ ॥
ਜਦੋਂ ਕਿਸੇ ਦੇ ਨਾਮ ਨਾਲ ਪਰਮਾਰ ਲੱਗਿਆ ਮਿਲਦਾ ਹੈ ਇਸ ਨਾਮ ਦੇ ਅੱਗੇ ਸਿਰ ਆਪਣੇ ਆਪ ਝੁਕ ਜਾਂਦਾ ਹੈ ਕਿਉਕਿ ਸਿੱਖਾਂ ਦੀ ਪਹਿਲੀ ਫੌਜ ਬਣਾਉਣ ਵਾਲੇ ਯੋਧਿਆਂ ਵਿੱਚ ਪਰਮਾਰ ਵੰਸ਼ ਸੱਭ ਤੋਂ ਅੱਗੇ ਸੀ। ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਬਹੁ ਗਿਣਤੀ ਸਿੱਖ ਰਾਜਪੂਤਾਂ ਦੀ ਸੀ। ਸਿੱਖ ਰਾਜਪੂਤਾਂ ਵਿਚੋਂ ਵੀ ਵੱਡੀ ਗਿਣਤੀ ਪਰਮਾਰ ਵੰਸ਼ ਦੀ ਸੀ। ਜਦੋਂ ਵੀ ਸਿੱਖ ਕੌਮ ਤੇ ਭੀੜ ਪਈ ਇਹ ਵੰਸ਼ ਪਹਿਲੀ ਕਤਾਰ ਵਿੱਚ ਖੜ੍ਹਾ ਰਿਹਾ। ਭਾਈ ਨਾਨੂ ਪਵਾਰ (ਪਰਮਾਰ) ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ, ਬਚਿਤ੍ਰ ਸਿੰਘ, ਉਦੈ ਸਿੰਘ, ਰਾਜਾ ਭਗਵੰਤ ਸਿੰਘ ਬੰਗੇਸ਼ਵਰੀ ਆਦਿ ਇਸੇ ਵੰਸ਼ ਦੇ ਸਨ। ਜਿਵੇਂ ਪਰਮਾਰ ਸਿੱਖ ਰਾਜਪੂਤਾਂ ਨੇ ਬਹਾਦਰੀਆਂ ਦੀਆਂ ਮਿਸਾਲਾਂ ਪੈਦਾ ਕੀਤੀਆਂ ਉੱਥੇ ਇਨ੍ਹਾਂ ਨੇ ਦਾਨ ਦੇਣ ਲੱਗਿਆਂ ਵੀ ਅੱਗਾ ਪਿੱਛਾ ਨਹੀ ਦੇਖਿਆ। ਸਰਦਾਰ ਕੁੰਦਨ ਸਿੰਘ ਪਿੰਡ ਬੱਡੋਂ ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਣਨ ਤੇ ਸਵਾ ਲੱਖ ਰੁਪਏ ਦਾਨ ਕੀਤੇ ਸਨ ਉਨ੍ਹਾਂ ਨੂੰ ਮਹਾ ਦਾਨੀ ਦਾ ਖਿਤਾਬ ਦਿੱਤਾ ਗਿਆਂ ਓਹ ਵੀ ਪਰਮਾਰ ਸਨ। ਬੱਬਰ ਅਕਾਲੀ ਲਹਿਰ ਲਈ ਵੱਡੀਆਂ ਰਕਮਾਂ ਦਾ ਪ੍ਰਬੰਧ ਕਰਨ ਵਾਲੇ ਵੀ ਕੁੰਦਨ ਸਿੰਘ ਪਰਮਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨਗੀਨਾ ਸਿੰਘ ਮਿਨਹਾਸ (ਰਈਸ) ਪਿੰਡ ਪਾਲਦੀ ਹੀ ਸਨ। 1947 ਤੋਂ ਬੰਦ ਪਏ ਗੁਰਦੁਆਰਾ ਦਰਬਾਰ ਸਾਹਿਬ ਕਰਤਾਰ ਪੁਰ ਪਾਕਿਸਤਾਨ ਦੀ ਪੁਨਰ ਉਸਾਰੀ ਅਤੇ ਜਮੀਨ ਖਰੀਦਣ ਲਈ ਆਪਣਾ ਪੈਸਾ ਖਰਚ ਕਰਨ ਵਾਲੇ ਸਿੱਖ ਜੰਗ ਬਹਾਦਰ ਸਿੰਘ ਵੀ ਪਰਮਾਰ ਹੀ ਸਨ। ਗੁਰਦੁਆਰਾ ਮੰਨਣਹਾਨਾ ਵੀ ਉਨ੍ਹਾਂ ਨੇ ਆਪਣੇ ਖਰਚੇ ਨਾਲ ਬਣਵਾਇਆ।
ਅਜੋਕੇ ਯੁੱਗ ਦੇ ਯੋਧੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ, ਬੱਬਰ ਤਲਵਿੰਦਰ ਸਿੰਘ ਪਰਮਾਰ ਅਤੇ ਮਾਸਟਰ ਇਕਬਾਲ ਸਿੰਘ ਪਰਮਾਰ ਅਜਨੋਹਾ ਵਰਗੇ ਇਸੇ ਵੰਸ਼ ਵਿੱਚ ਪੈਦਾ ਹੋਏ। ਗੁਰਦਾਸ ਨੰਗਲ ਦੀ ਗੜ੍ਹੀ ਨੂੰ ਘੇਰਾ ਪੈਣ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਦੂਸਰੀ ਪਤਨੀ ਬੀਬੀ ਸਾਹਿਬ ਨੂੰ ਸਹੀ ਸਲਾਮਤ ਡਰੋਲੀ ਕਲਾਂ ਲਿਆਉਣ ਵਾਲੇ ਵੀ ਪਰਮਾਰ ਹੀ ਸਨ। ਮੁੱਕਦੀ ਗੱਲ ਕਿ ਜੋ ਇਸ ਵੰਸ਼ ਦੇ ਯੋਧਿਆਂ ਨੇ ਸਿੱਖੀ ਲਈ ਕੁਰਬਾਨੀਆਂ ਕੀਤੀਆਂ ਉਹ ਇੱਕ ਵੱਖਰੀ ਹੀ ਮਿਸਾਲ ਹੈ।
ਅੱਜ ਗੱਲ ਕਰਦੇ ਹਾਂ ਇਸੇ ਹੀ ਵੰਸ਼ ਵਿੱਚ ਮਾਤਾ ਰੁਕਮਣ ਕੌਰ ਅਤੇ ਪਿਤਾ ਜਗਤ ਸਿੰਘ ਪਰਮਾਰ ਦੇ ਘਰ ਪਿੰਡ ਡਰੋਲੀ ਖੁਰਦ ਜ਼ਿਲਾ ਜਲੰਧਰ ਵਿੱਚ 1951 ਵਿੱਚ ਜਨਮੇ ਯੋਧੇ ਸੁਰਜੀਤ ਸਿੰਘ ਪਰਮਾਰ ਦੀ। ਚਾਰ ਭੈਣ ਭਰਾਵਾਂ ਸੁਰਜੀਤ ਸਿੰਘ, ਸੁਰਜੀਤ ਕੌਰ, ਬੀਬੀ ਪਿਆਰੀ ਅਤੇ ਜਸਬੀਰ ਸਿੰਘ ਵਿਚੋਂ ਸੱਭ ਤੋਂ ਵੱਡੇ ਸਨ। ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ। ਹਾਈ ਸਕੂਲ ਡਰੋਲੀ ਕਲਾਂ ਦੇ ਸਕੂਲ ਵਿੱਚ ਪੜ੍ਹੇ। ਰਵਾਇਤੀ ਕੰਮ ਖੇਤੀ ਵੀ ਕੀਤੀ ਅਤੇ ਚੜ੍ਹਦੀ ਜਵਾਨੀ ਵਿੱਚ ਫੌਜ ਵਿੱਚ ਭਰਤੀ ਹੋ ਗਏ। ਸਮੇਂ ਅਨੁਸਾਰ ਬੀਬੀ ਚਰਨਜੀਤ ਕੌਰ ਪਿੰਡ ਚੱਗਰਾਂ ਜ਼ਿਲਾ ਹੁਸ਼ਿਆਰਪੁਰ ਨਾਲ ਅਨੰਦ ਕਾਰਜ ਹੋਏ। ਵਾਹਿਗੁਰੂ ਨੇ ਦੋ ਬੱਚੀਆਂ ਸਵਰਨਜੀਤ ਕੌਰ ਅਤੇ ਕੁਲਦੀਪ ਕੌਰ ਦੀ ਦਾਤ ਬਖਸ਼ੀ।
1978 ਤੋਂ ਬਾਅਦ ਪੰਜਾਬ ਤੇ ਸਰਕਾਰੀ ਜ਼ੁਲਮ ਦਾ ਕਹਿਰ ਵਧ ਗਿਆ। ਹਰੇਕ ਸਿੱਖ ਦੇ ਮਨ ਵਿੱਚ ਸਰਕਾਰੀ ਜ਼ੁਲਮਾਂ ਦਾ ਰੋਸ ਸੀ। ਸਮਾਂ ਆਪਣੀ ਰਫਤਾਰ ਚੱਲਦਾ ਗਿਆ ਆਮ ਲੋਕਾਂ ਤੇ ਸਰਕਾਰੀ ਤਸ਼ੱਦਦ ਚਲਦੇ ਰਹੇ ਅਖੀਰ 1984 ਵਿੱਚ ਪੰਜਾਬ ਵਿੱਚ ਫੌਜ ਦੀ ਤਾਇਨਾਤੀ ਦਾ ਐਲਾਨ ਹੋ ਗਿਆ। ਸੁਰਜੀਤ ਸਿੰਘ ਪਰਮਾਰ ਨੂੰ ਵੀ ਖ਼ਬਰ ਹੋ ਗਈ ਕਿ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਇਸ ਸਮੇਂ ਉਹ ਆਪਣੀ ਦੋ ਮਹੀਨੇ ਦੀ ਸਲਾਨਾ ਛੁੱਟੀ ਤੇ ਸਨ। ਆਪਣੇ ਪਿੰਡ ਡਰੋਲੀ ਖੁਰਦ ਤੋਂ ਆਪਣੀ ਪਤਨੀ ਅਤੇ ਦੋਨੋਂ ਬੱਚੀਆਂ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਚੱਗਰਾਂ ਜ਼ਿਲਾ ਹੁਸ਼ਿਆਰਪੁਰ ਛੱਡ ਦਿੱਤਾ ਅਤੇ ਆਪ ਦਰਬਾਰ ਸਾਹਿਬ ਬਚਾਉਣ ਤੁਰ ਪਏ। 1 ਜੂਨ ਨੂੰ ਦਰਬਾਰ ਸਾਹਿਬ ਚਲੇ ਗਏ। ਖ਼ਬਰ ਹੈ ਕਿ ਫੌਜੀ ਹੋਣ ਸਦਕਾ ਦਰਬਾਰ ਸਾਹਿਬ ਦੀ ਡਿਉੜੀ ਤੇ LMG ਦੀ ਡਿਊਟੀ ਲੱਗੀ ਸੀ। ਉੱਥੇ ਹੀ ਕੌਮ ਦੀ ਖਾਤਰ ਸ਼ਹੀਦੀ ਪਾਈ। ਇਹ ਸਿੱਖ ਦਾ ਕਸ਼ੱਤਰੀਯ ਖੂਨ ਹੈ ਜੋ ਹਮੇਸ਼ਾ ਜ਼ੁਲਮ ਖਿਲਾਫੀ ਕਰਦਾ ਰਿਹਾ। ਕਦੀ ਭਰਾ ਮਾਰ ਜਾਂ ਕੌਮ ਨਾਲ ਗੱਦਾਰੀ ਨਹੀਂ ਕਰਦਾ।
ਪਰ ਸਿੱਖ ਰਾਜਪੂਤਾਂ ਦਾ ਇੱਕ ਗਿਲਾ ਉਨ੍ਹਾਂ ਲੋਕਾਂ ਨਾਲ ਹੈ ਜੋ ਲਿਖਾਰੀ ਹਨ ਉਨ੍ਹਾਂ ਨੂੰ ਸਿੱਖ ਰਾਜਪੂਤ ਸ਼ਬਦ ਪਸੰਦ ਨਹੀਂ। ਸਿੱਖ ਰਾਜਪੂਤ ਕੌਮ ਵਿੱਚ ਮੁੱਢ ਤੋਂ ਹੀ ਯੋਧੇ ਪੈਦਾ ਹੋਏ ਹਨ ਪਰ ਇਤਿਹਾਸਕਾਰ ਦੀ ਕਲਮ ਇਨ੍ਹਾਂ ਦੇ ਜੌਹਰ ਲਿਖਣ ਵੇਲੇ ਰੁਕ ਜਾਂਦੀ ਹੈ। ਬੱਬਰ ਮਨਜੀਤ ਸਿੰਘ ਡੌਡ ਪਿੰਡ ਜਲਵੇੜਾ ਜ਼ਿਲਾ ਹੁਸ਼ਿਆਰਪੁਰ ਨੇ ਭਿੰਡਰਾਵਾਲੇ ਨੂੰ ਛੁਡਾਉਣ ਲਈ ਜਹਾਜ਼ ਅਗਵਾ ਕਰ ਲਿਆ ਸੀ। ਬੱਬਰ ਮਨਜੀਤ ਸਿੰਘ ਹਾਈਜੈਕਰ। ਪਰ ਇਤਿਹਾਸਕਾਰ ਦੀ ਕਲਮ ਚੁੱਪ ਹੈ। ਇਹੋ ਹਾਲ ਸੁਰਜੀਤ ਸਿੰਘ ਪਰਮਾਰ ਦਾ ਹੈ ਸ਼ਾਇਦ ਪਿਛਲੇ 39 ਸਾਲ ਵਿੱਚ ਇਹ ਪਹਿਲਾ ਆਰਟੀਕਲ ਹੈ। ਦਰਬਾਰ ਸਾਹਿਬ ਅਜਾਇਬ ਘਰ ਵਿੱਚ ਸ਼ਹੀਦਾਂ ਦੀ ਲਿਸਟ ਵਿੱਚ 582 ਨੰਬਰ ਤੇ ਸੁਰਜੀਤ ਸਿੰਘ ਸਪੁੱਤਰ ਜਗਤ ਸਿੰਘ ਪਿੰਡ ਡਰੋਲੀ ਖੁਰਦ ਲਿਖਿਆ ਹੈ ਪਰ ਪੱਖਪਾਤੀ ਇਤਿਹਾਸਕਾਰਾਂ ਨੇ ਦੇਖ ਕੇ ਵੀ ਅੱਖੋਂ ਪਰੋਖੇ ਕਰ ਦਿੱਤਾ।
ਹੋਰ ਕਿੰਨੇ ਸਿੱਖ ਰਾਜਪੂਤ ਯੋਧੇ ਸ਼ਹੀਦ ਹਨ ਜੋ ਲਿਖਾਰੀਆਂ ਦੇ ਵਿਤਕਰੇ ਕਾਰਣ ਅਲੋਪ ਹੋ ਰਹੇ ਹਨ। ਜਿੰਨੀ ਮਰਜੀ ਪੱਖਪਾਤੀ ਕਰ ਲਿਓ ਇਹ ਸਿੱਖ ਰਾਜਪੂਤਾਂ ਦੀ ਕਸ਼ੱਤਰੀਯ ਕੌਮ ਕਦੀ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਹਟੇਗੀ। ਕੋਈ ਇਨ੍ਹਾਂ ਬਾਰੇ ਲਿਖੇ ਜਾ ਨਾ ਲਿਖੇ ਪਰ ਸੁਰਜੀਤ ਸਿੰਘ ਪਰਮਾਰ ਵਰਗੇ ਯੋਧੇ ਇਸ ਸਿੱਖ ਰਾਜਪੂਤ ਕੌਮ ਵਿੱਚ ਜੰਮਦੇ ਰਹਿਣੇ ਹਨ ਅਤੇ ਇਹ ਕਸ਼ੱਤਰੀਯ ਖੂਨ ਦੇ ਯੋਧੇ ਜ਼ੁਲਮ ਖਿਲਾਫ਼ੀ ਕਰਦੇ ਰਹਿਣਗੇ ਅਤੇ ਲੋਰ ਪੈਣ ਤੇ ਬਿਨਾਂ ਝਿਜਕ ਕੁਰਬਾਨੀਆਂ ਦਿੰਦੇ ਰਹਿਣਗੇ।
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਜੈ ਛਤ੍ਰੀ ਧਰਮ
Writer and Researcher
Satinder Singh Parhar